ਬਸੀ ਪਠਾਣਾਂ, 2 ਜੂਨ (ਯਤਿੰਦਰ ਮੌਦਗਿਲ)-ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ 'ਤੇ ਹੋਣ ਜਾ ਰਹੀ ਜ਼ਿਮਨੀ ਚੋਣ ਲਈ ਭਾਰਤੀ ਜਨਤਾ ਪਾਰਟੀ ਵਲੋਂ ਐਲਾਨੇ ਉਮੀਦਵਾਰ ਜੀਵਨ ਗੁਪਤਾ ਨਾਮਜ਼ਦਗੀ ਦਾਖ਼ਲ ਕਰਨ ਤੋਂ ਪਹਿਲਾਂ ਅੱਜ ਆਪਣੇ ਜੱਦੀ ਸ਼ਹਿਰ ਬਸੀ ਪਠਾਣਾਂ ਵਿਖੇ ਬਾਬਾ ਬੁੱਧ ਦਾਸ ਦੇ ਦਰਬਾਰ ਵਿਚ ਨਤਮਸਤਕ ਹੋਏ | ਇਸ ਮੌਕੇ ਡੇਰਾ ਬਾਬਾ ਬੁੱਧ ਦਾਸ ਦੀ ਮੁੱਖ ਸੇਵਕਾ ਰੇਨੂ ਹੈਪੀ ਸ਼ਰਮਾ ਅਤੇ ਸੇਵਾਦਾਰ ਡਾ. ਆਫ਼ਤਾਬ ਸਿੰਘ ਵਲੋਂ ਜੀਵਨ ਗੁਪਤਾ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਜੀਵਨ ਗੁਪਤਾ ਨੇ ਕਿਹਾ ਕਿ ਡੇਰਾ ਬਾਬਾ ਬੁੱਧ ਦਾਸ ਸਿੱਧ ਅਸਥਾਨ ਹੈ, ਜਿਥੇ ਨਤਮਸਤਕ ਹੋਣ ਤੋਂ ਬਾਅਦ ਉਹ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਹੇ ਹਨ | ਉਨ੍ਹਾਂ ਟਿਕਟ ਲਈ ਪਾਰਟੀ ਹਾਈਕਮਾਨ ਦਾ ਧੰਨਵਾਦ ਵੀ ਕੀਤਾ | ਜੀਵਨ ਗੁਪਤਾ ਨੇ ਕਿਹਾ ਕਿ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ 'ਤੇ ਭਾਜਪਾ ਦੀ ਜਿੱਤ 2027 ਵਿਚ ਪੰਜਾਬ ਵਿਚ ਸਰਕਾਰ ਦਾ ਆਧਾਰ ਬਣੇਗੀ ਕਿਉਂਕਿ ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਅਜ਼ਮਾ ਚੁੱਕੇ ਲੋਕਾਂ ਦਾ ਉਤਸ਼ਾਹ ਦੱਸਦਾ ਹੈ ਕਿ ਉਹ ਹੁਣ ਪੰਜਾਬ ਵਿਚ ਡਬਲ ਇੰਜਨ ਦੀ ਸਰਕਾਰ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ਝੂਠੇ ਲਾਰੇ ਲਾ ਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਵਿਚ ਨਾਕਾਮ ਸਾਬਿਤ ਹੋਈ ਹੈ | ਪੰਜਾਬ 'ਚ ਕਾਨੂੰਨ ਵਿਵਸਥਾ ਫ਼ੇਲ੍ਹ ਹੈ ਤੇ ਆਮ ਲੋਕਾਂ, ਮੁਲਾਜ਼ਮਾਂ, ਕਿਸਾਨਾਂ, ਮਜ਼ਦੂਰਾਂ ਨੂੰ ਆਪਣੇ ਹੱਕਾਂ ਲਈ ਸੜਕਾਂ 'ਤੇ ਉਤਰ ਕੇ ਸੰਘਰਸ਼ ਕਰਨਾ ਪੈ ਰਿਹਾ ਹੈ | ਉਨ੍ਹਾਂ ਲੁਧਿਆਣਾ ਜ਼ਿਮਨੀ ਚੋਣ ਵਿਚ ਭਾਜਪਾ ਦੀ ਜਿੱਤ ਦਾ ਦਾਅਵਾ ਵੀ ਕੀਤਾ | ਇਸ ਮੌਕੇ ਭਾਜਪਾ ਮੰਡਲ ਬਸੀ ਪਠਾਣਾਂ ਦੇ ਪ੍ਰਧਾਨ ਓਮ ਗੌਤਮ, ਨਰਿੰਦਰ ਗੁਪਤਾ, ਮਾਸਟਰ ਪ੍ਰਕਾਸ਼ ਸਿੰਘ, ਕਮਲ ਗੁਪਤਾ, ਰਵਿੰਦਰ ਕੁਮਾਰ ਸਾਬਕਾ ਕੌਂਸਲਰ, ਐਡਵੋਕੇਟ ਗੌਰਵ ਗੋਇਲ, ਨਰਵੀਰ ਜੌਨੀ, ਹਰਮੇਸ਼ ਸ਼ਰਮਾ, ਤਰੂਨ ਸੇਠੀ, ਦਿਨੇਸ਼ ਗੁਪਤਾ, ਕੁਲਦੀਪ ਪਾਠਕ, ਮਨੋਜ ਰਾਏ, ਗੋਲਡੀ ਗੁਰਾਣੀ ਨਾਲ ਹੋਰ ਪਤਵੰਤੇ ਮੌਜੂਦ ਸਨ |