ਫ਼ਤਹਿਗੜ੍ਹ ਸਾਹਿਬ, 4 ਸਤੰਬਰ (ਬਲਜਿੰਦਰ ਸਿੰਘ)-ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਾਪਤ ਅਧਿਆਪਕ ਪਿਛਲੇ ਪੰਜ ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਕਾਰਨ ਭਿਆਨਕ ਆਰਥਿਕ ਸੰਕਟ 'ਚੋਂ ਲੰਘ ਰਹੇ ਹਨ | ਸਰਹਿੰਦ ਦੇ ਐਮ.ਜੀ. ਅਸ਼ੋਕਾ ਗਰਲਜ਼ ਸਕੂਲ ਦੀ ਪਿ੍ੰਸੀਪਲ ਅੰਜੂ ਕੌੜਾ ਨੇ ਕਿਹਾ ਕਿ 1967 ਤੋਂ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਨੂੰ ਸਰਕਾਰ ਤੋਂ 95 ਫ਼ੀਸਦੀ ਗਰਾਂਟ ਮਿਲਦੀ ਰਹੀ ਹੈ | ਅੱਜ ਤੱਕ ਸਾਨੂੰ ਕਿਸੇ ਵੀ ਸਰਕਾਰ ਤੋਂ ਗਰਾਂਟ ਪ੍ਰਾਪਤ ਕਰਨ ਵਿਚ ਕੋਈ ਸਮੱਸਿਆ ਨਹੀਂ ਆਈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ 'ਆਪ' ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਨਵੀਂ ਸਿੱਖਿਆ ਕ੍ਰਾਂਤੀ ਨੂੰ ਲੋਕਾਂ ਵਿਚ ਪ੍ਰਚਾਰ ਰਹੀ ਹੈ, ਪਰ ਇਸ ਸਿੱਖਿਆ ਕ੍ਰਾਂਤੀ ਨੂੰ ਦਿਸ਼ਾ ਦੇਣ ਵਾਲੇ ਅਧਿਆਪਕ ਭੁੱਖੇ ਮਰਨ ਲਈ ਮਜਬੂਰ ਹਨ ਅਤੇ ਅਜਿਹਾ ਲੱਗਦਾ ਹੈ ਕਿ ਨਵੀਂ ਸਿੱਖਿਆ ਕ੍ਰਾਂਤੀ ਸਿਰਫ਼ ਪ੍ਰਚਾਰ ਤੇ ਲੋਕਾਂ ਨੂੰ ਗੁਮਰਾਹ ਕਰਨ ਤੱਕ ਹੀ ਸੀਮਤ ਹੈ | ਪਿ੍ੰਸੀਪਲ ਕੌੜਾ ਨੇ ਦੱਸਿਆ ਕਿ ਅਸੀਂ ਛੇਵੇਂ ਪੇ ਕਮਿਸ਼ਨ ਅਨੁਸਾਰ ਤਨਖ਼ਾਹਾਂ ਵੀ ਕੋਰਟ ਦੁਆਰਾ ਜਾਰੀ ਆਦੇਸ਼ਾਂ ਅਨੁਸਾਰ ਪ੍ਰਾਪਤ ਕੀਤੀਆਂ, ਇਸ ਸਰਕਾਰ ਨੇ ਸਹਾਇਤਾ ਪ੍ਰਾਪਤ ਸਕੂਲਾਂ ਦੇ ਕਰਮਚਾਰੀਆਂ ਲਈ ਕੁਝ ਨਹੀਂ ਕੀਤਾ | ਪਿ੍ੰਸੀਪਲ ਕੌੜਾ, ਪਿ੍ੰਸੀਪਲ ਧਰਮਿੰਦਰ, ਪਿ੍ੰਸੀਪਲ ਅਮਿਤ ਸ਼ਰਮਾ, ਹਰਪ੍ਰੀਤ ਕੌਰ, ਰੰਜਨਾ, ਰੋਜੀ ਸਿੰਗਲਾ, ਮਲਕੀਤ ਸਿੰਘ, ਮਹੇਸ਼ ਗੌਤਮ, ਸਲੇਸ਼ ਅਤੇ ਰਵੀ ਸੂਦ ਨੇ ਕਿਹਾ ਕਿ 5 ਸਤੰਬਰ ਅਧਿਆਪਕ ਦਿਵਸ ਸਾਡੇ ਏਡਿਡ ਸਕੂਲਾਂ ਦੇ ਕਰਮਚਾਰੀਆਂ ਲਈ ਕਾਲਾ ਦਿਨ ਹੈ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਅਧਿਆਪਕ ਅੱਜ ਕਾਲਾ ਦਿਵਸ ਮਨਾਉਣਗੇ |