ਸਨੌਰ, 6 ਸਤੰਬਰ (ਮੋਹਣ ਸਿੰਘ ਭੱਟੀ)-ਹਲਕਾ ਸਨੌਰ ਦੇ ਪਿੰਡ ਭਾਂਖਰ ਵਿਖੇ ਬੀਤੀ ਰਾਤ ਹੋਈ ਤੇਜ਼ ਬਾਰਸ਼ ਨੇ ਇਕ ਗ਼ਰੀਬ ਪਰਿਵਾਰ 'ਤੇ ਕਹਿਰ ਬਣ ਕੇ ਵਰ੍ਹੀ | ਲਗਾਤਾਰ ਮੀਂਹ ਕਾਰਨ ਪਰਿਵਾਰ ਦੇ ਘਰ ਦੀ ਛੱਤ ਡਿਗ ਗਈ, ਜਿਸ ਨਾਲ ਘਰ ਦੇ ਸਾਮਾਨ ਦਾ ਭਾਰੀ ਨੁਕਸਾਨ ਹੋ ਗਿਆ | ਘਰ ਮਾਲਕ ਦੀ ਪਛਾਣ ਸੰਪੂਰਨ ਸਿੰਘ ਪੁੱਤਰ ਨਰਾਤਾ ਸਿੰਘ ਵਜੋਂ ਹੋਈ ਹੈ | ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਅਕਾਲੀ ਆਗੂ ਅਤੇ ਪ੍ਰਮੁਖ ਕਿਸਾਨ ਆਗੂ ਜਸਵਿੰਦਰ ਸਿੰਘ ਮੋਹਣੀ ਭਾਂਖਰ ਨੇ ਦੱਸਿਆ ਕਿ ਸੰਪੂਰਨ ਸਿੰਘ ਦੇ ਕਮਰੇ ਅਤੇ ਛੱਤ ਡਿੱਗਣ ਕਾਰਨ ਬੈੱਡ, ਕੁਰਸੀਆਂ, ਕਣਕ ਦੇ ਢੋਲ, ਕੂਲਰ, ਕੱਪੜੇ ਅਤੇ ਟਰੰਕ ਸਮੇਤ ਹੋਰ ਸਾਰਾ ਘਰੇਲੂ ਸਾਮਾਨ ਪੂਰੀ ਤਰ੍ਹਾਂ ਨੁਕਸਾਨਿਆ ਗਿਆ | ਜਸਵਿੰਦਰ ਸਿੰਘ ਮੋਹਣੀ ਨੇ ਦੱਸਿਆ ਕਿ ਪਰਿਵਾਰ ਇਸ ਵੇਲੇ ਤਰਪਾਲਾਂ ਹੇਠ ਰਹਿਣ ਲਈ ਮਜ਼ਬੂਰ ਹੈ | ਉਨ੍ਹਾਂ ਅਪੀਲ ਕੀਤੀ ਕਿ ਪ੍ਰਸ਼ਾਸਨ ਨੂੰ ਤੁਰੰਤ ਘਟਨਾ ਸਥਾਨ ਦਾ ਦੌਰਾ ਕਰਕੇ ਨੁਕਸਾਨ ਦਾ ਜਾਇਜ਼ਾ ਲੈਣਾ ਚਾਹੀਦਾ ਹੈ | ਇਸ ਮੌਕੇ 'ਤੇ ਪਹੁੰਚੇ ਸਥਾਨਕ ਲੋਕਾਂ ਨੇ ਦੱਸਿਆ ਕਿ ਸੰਪੂਰਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਮਾਇਆ ਦੇਵੀ ਦੀ ਮਦਦ ਲਈ ਇਲਾਕੇ ਦੇ ਲੋਕ ਅੱਗੇ ਆਏ ਹਨ | ਇਸ ਤੋਂ ਇਲਾਵਾ ਜਸਵਿੰਦਰ ਸਿੰਘ ਮੋਹਣੀ ਦੇ ਨਾਲ ਕਿ੍ਸ਼ਨਾ ਦੇਵੀ, ਸਵਰਨ ਕੌਰ, ਕਰਮਜੀਤ ਸਿੰਘ, ਗੁਰਵਿੰਦਰ ਸਿੰਘ, ਰੋਹਨਪ੍ਰੀਤ ਸਿੰਘ, ਰਵੀ, ਗੁਰਧਿਆਨ ਸਿੰਘ, ਅਮਨਪ੍ਰੀਤ ਸਿੰਘ, ਮਲਕੀਤ ਸਿੰਘ, ਬਿੱਟੂ ਰਾਣੀ ਦੇਵੀ ਅਤੇ ਕਰਮਜੀਤ ਸਿੰਘ ਵੀ ਮੌਜੂਦ ਸਨ, ਜਿਨ੍ਹਾਂ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਪ੍ਰਸ਼ਾਸਨ ਤੋਂ ਮਦਦ ਦੀ ਮੰਗ ਕੀਤੀ |