ਫ਼ਤਹਿਗੜ੍ਹ ਸਾਹਿਬ, 22 ਸਤੰਬਰ (ਪੱਤਰ ਪ੍ਰੇਰਕ)-ਫ਼ਤਹਿਗੜ੍ਹ ਸਾਹਿਬ ਪੁਲਿਸ ਵਲੋਂ ਪਿੰਡ ਅੱਤੇਵਾਲੀ ਨੇੜੇ ਇਕ ਸਪਾਹ ਸੈਂਟਰ ਦੀ ਆੜ ਹੇਠ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਪਤਾਨ ਪੁਲਿਸ ਫ਼ਤਹਿਗੜ੍ਹ ਸਾਹਿਬ ਸੁਖਨਾਜ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਇਹ ਕਾਰਵਾਈ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਹੈ | ਜਿਸ ਦੌਰਾਨ ਪੁਲਿਸ ਨੇ ਇਕ ਔਰਤ ਨੂੰ ਗਿ੍ਫ਼ਤਾਰ ਵੀ ਕੀਤਾ ਹੈ | ਜਿਸ ਸੰਬੰਧੀ ਥਾਣਾ ਫ਼ਤਹਿਗੜ੍ਹ ਸਾਹਿਬ ਵਿਚ ਧਾਰਾ 3, 4, 5 ਇਮੋਰਲ ਟ੍ਰੈਫ਼ਿਕ ਐਕਟ ਪ੍ਰੋਫੈਸਨ 1956 ਅਧੀਨ ਮੁਕੱਦਮਾ ਦਰਜ਼ ਕਰਕੇ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ | ਉਨ੍ਹਾਂ ਦੱਸਿਆ ਕਿ ਮੁਕੱਦਮੇ 'ਚ ਨਾਮਜ਼ਦ ਔਰਤ ਦਾ ਪਤੀ ਫ਼ਿਲਹਾਲ ਪੁਲਿਸ ਗਿ੍ਫ਼ਤ ਤੋਂ ਬਾਹਰ ਹੈ, ਜਿਸ ਦੀ ਭਾਲ ਜਾਰੀ ਹੈ | ਉਨ੍ਹਾਂ ਕਿਹਾ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਸਪਾਹ ਸੈਂਟਰ ਦੀ ਆੜ ਹੇਠ ਪਤੀ-ਪਤਨੀ ਵਲੋਂ ਪਿਛਲੇ ਕੁਝ ਦਿਨਾਂ ਤੋਂ ਉੱਥੇ ਦੇਹ ਵਪਾਰ ਦਾ ਕਥਿਤ ਧੰਦਾ ਚਲਾਇਆ ਜਾ ਰਿਹਾ ਸੀ | ਉਨ੍ਹਾਂ ਕਿਹਾ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ |