ਦੇਵੀਗੜ੍ਹ, 24 ਸਤੰਬਰ (ਰਾਜਿੰਦਰ ਸਿੰਘ ਮੌਜੀ)-ਯੂਨੀਵਰਸਿਟੀ ਕਾਲਜ ਮੀਰਾਂਪੁਰ ਵਿਖੇ ਨਵੇਂ ਦਾਖਲ ਹੋਏ ਬੀ.ਏ. ਭਾਗ ਪਹਿਲਾ ਦੇ ਵਿਦਿਆਰਥੀਆਂ ਦੇ ਸਵਾਗਤ ਲਈ ਫ੍ਰੈਸ਼ਰਜ ਪਾਰਟੀ ਕੀਤੀ ਗਈ | ਇਸ ਸਮਾਗਮ ਵਿਚ ਸੀਨੀਅਰ ਅਤੇ ਨਵੇਂ ਵਿਦਿਆਰਥੀਆਂ ਨੇ ਮਿਲ-ਜੁਲ ਕੇ ਭਰਪੂਰ ਉਤਸ਼ਾਹ ਨਾਲ ਸ਼ਿਰਕਤ ਕੀਤੀ | ਪੋ੍ਰਗਰਾਮ ਦੀ ਸ਼ੁਰੂਆਤ ਕਾਲਜ ਇੰਚਾਰਜ ਡਾ. ਮਨਪ੍ਰੀਤ ਕੌਰ ਸੋਢੀ ਦੁਆਰਾ ਰਿਬਨ ਕੱਟਣ ਨਾਲ ਕੀਤੀ ਗਈ, ਜਿਸ ਤੋਂ ਬਾਅਦ ਸਭਿਆਚਾਰਕ ਪੋ੍ਰਗਰਾਮ ਪੇਸ਼ ਕੀਤੇ ਗਏ | ਵਿਦਿਆਰਥੀਆਂ ਨੇ ਗੀਤ-ਸੰਗੀਤ, ਨਾਚ-ਗਾਣੇ ਅਤੇ ਮਾਡਲਿੰਗ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਇਸ ਦੌਰਾਨ ''ਮਿਸਟਰ ਫ੍ਰੈਸ਼ਰ'' ਅਤੇ ''ਮਿਸ ਫ੍ਰੈਸ਼ਰ'' ਮੁਕਾਬਲੇ ਵੀ ਕਰਵਾਏ ਗਏ, ਜਿਨ੍ਹਾਂ ਨੇ ਸਮਾਗਮ ਵਿਚ ਹੋਰ ਰੌਣਕ ਲਿਆਂਦੀ | ਇੰਚਾਰਜ ਡਾ. ਮਨਪ੍ਰੀਤ ਕੌਰ ਸੋਢੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਵਿਦਿਆਰਥੀਆਂ ਵਿਚ ਆਪਸੀ ਸਾਂਝ ਵਧਾਉਂਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਅੰਦਰ ਲੁਕੀਆਂ ਹੋਈਆਂ ਪ੍ਰਤਿਭਾਵਾਂ ਨੂੰ ਉਜਾਗਰ ਕਰਨ ਦਾ ਮੌਕਾ ਦਿੰਦੇ ਹਨ | ਉਨ੍ਹਾਂ ਨੇ ਨਵੇਂ ਵਿਦਿਆਰਥੀਆਂ ਨੂੰ ਮਿਹਨਤ, ਅਨੁਸ਼ਾਸਨ ਅਤੇ ਸਮਰਪਣ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ | ਇਹ ਪਾਰਟੀ ਧਰਮ ਅਧਿਐਨ ਮੰਚ ਦੇ ਕਨਵੀਨਰ ਡਾ. ਤੇਜਿੰਦਰ ਪਾਲ ਸਿੰਘ ਅਤੇ ਅਸਿਸਟੈਂਟ ਪ੍ਰੋਫੈਸਰ ਜਸਵੀਰ ਕੌਰ ਦੇ ਸਾਂਝੇ ਯਤਨਾਂ ਨਾਲ ਉਲੀਕੀ ਗਈ | ਇਸ ਮੌਕੇ ਡਾ. ਤੇਜਿੰਦਰਪਾਲ ਸਿੰਘ ਨੇ ਨਵੇਂ ਭਰਤੀ ਹੋਏ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |