ਖਮਾਣੋਂ, 25 ਸਤੰਬਰ (ਮਨਮੋਹਣ ਸਿੰਘ ਕਲੇਰ)-ਖਮਾਣੋਂ ਪੁਲਿਸ ਨੇ ਇਕ ਵਿਅਕਤੀ ਨੂੰ ਮਰਨ ਲਈ ਮਜ਼ਬੂਰ ਕਰਨ ਦੇ ਦੋਸ਼ ਵਿਚ ਉਸ ਦੇ ਜੀਜੇ ਖ਼ਿਲਾਫ਼ ਮੁੱਕਦਮਾ ਦਰਜ ਕਰਕੇ ਉਸ ਨੂੰ ਨਾਮਜ਼ਦ ਕੀਤਾ ਹੈ | ਜਾਣਕਾਰੀ ਮੁਤਾਬਿਕ ਮਨਦੀਪ ਕੌਰ ਪਤਨੀ ਸਵਰਗੀ ਰੁਲਦਾ ਸਿੰਘ ਵਾਰਡ ਨੰ. 11 ਖਮਾਣੋਂ ਕਮਲੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਲੜਕਾ ਪ੍ਰਮਿੰਦਰ ਸਿੰਘ, ਬਲਵੀਰ ਸਿੰਘ ਉੱਪਲ ਖਮਾਣੋਂ ਕਮਲੀ ਪਾਸ ਉਨ੍ਹਾਂ ਦੇ ਖੇਤਾਂ ਤੇ ਪਸ਼ੂਆਂ ਦੀ ਸਾਂਭ ਸੰਭਾਲ ਕਰਦਾ ਸੀ | ਉਸ ਦੀ ਵੱਡੀ ਲੜਕੀ ਮਨਪ੍ਰੀਤ ਕੌਰ ਜੋ ਕਿ ਅਮਰਜੀਤ ਸਿੰਘ ਨਾਲ ਸ਼ਾਦੀਸ਼ੁਦਾ ਸੀ | ਅਮਰਜੀਤ ਸਿੰਘ ਆਪਣੀ ਪਤਨੀ ਮਨਪ੍ਰੀਤ ਕੌਰ ਨਾਲ ਅਕਸਰ ਕੁੱਟਮਾਰ ਕਰਦਾ ਰਹਿੰਦਾ ਸੀ | ਜਿਸ ਕਾਰਨ ਮਨਪ੍ਰੀਤ ਕੌਰ ਆਪਣੇ ਬੱਚੇ ਲੈ ਕੇ ਪੇਕੇ ਪਰਿਵਾਰ ਪਾਸ ਖਮਾਣੋਂ ਕਮਲੀ ਵਿਖੇ ਆ ਗਈ ਇਸ ਕਰਕੇ 23 ਸਤੰਬਰ ਨੂੰ ਅਮਰਜੀਤ ਸਿੰਘ ਨੇ ਆਪਣੇ ਸਹੁਰੇ ਘਰ ਖਮਾਣੋਂ ਕਮਲੀ ਵਿਖੇ ਆ ਕੇ ਮਨਦੀਪ ਕੌਰ ਅਤੇ ਉਸ ਦੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਅਤੇ ਪ੍ਰਮਿੰਦਰ ਸਿੰਘ ਨੂੰ ਵੀ ਮਾਰਨ ਦੀਆਂ ਧਮਕੀਆਂ ਦਿੱਤੀਆਂ | ਇਸ ਉਪਰੰਤ ਪ੍ਰਮਿੰਦਰ ਸਿੰਘ ਨੇ 24 ਸਤੰਬਰ ਨੂੰ ਅਮਰਜੀਤ ਸਿੰਘ ਤੋਂ ਤੰਗ ਆ ਕੇ ਉਸ ਦੇ ਖ਼ਿਲਾਫ਼ ਇਕ ਖ਼ੁਦਕੁਸ਼ੀ ਨੋਟ ਲਿਖ ਕੇ ਕੋਈ ਜ਼ਹਿਰੀਲੀ ਵਸਤੂ ਖਾ ਕੇ ਆਪਣੀ ਜੀਵਨ-ਲੀਲ੍ਹਾ ਸਮਾਪਤ ਕਰ ਲਈ | ਪੁਲਿਸ ਨੇ ਮਿ੍ਤਕ ਪ੍ਰਮਿੰਦਰ ਸਿੰਘ ਦੀ ਮਾਤਾ ਮਨਦੀਪ ਕੌਰ ਦੇ ਬਿਆਨਾਂ ਅਤੇ ਖ਼ੁਦਕੁਸ਼ੀ ਨੋਟ ਦੇ ਆਧਾਰ 'ਤੇ ਅਮਰਜੀਤ ਸਿੰਘ ਵਾਸੀ ਨੇੜੇ ਸਿਵਲ ਹਸਪਤਾਲ ਸਾਹਨੇਵਾਲ ਜ਼ਿਲ੍ਹਾ ਲੁਧਿਆਣਾ ਖ਼ਿਲਾਫ਼ ਧਾਰਾ 108 ਬੀ.ਐਨ.ਐਸ. ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |