ਪਟਿਆਲਾ, 3 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਵਰਕਿੰਗ ਕਮੇਟੀ ਮੈਂਬਰ ਹਰਿੰਦਰਪਾਲ ਸਿੰਘ ਟੌਹੜਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਥਕ ਮਸਲਿਆਂ ਬਾਰੇ ਹਲਕੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨ ਦੀ ਤਾਕੀਦ ਕੀਤੀ ਹੈ | ਮੁੱਖ ਮੰਤਰੀ ਦੇ ਮੁਕਤਸਰ ਵਿਖੇ ਇਕ ਸਮਾਗਮ ਦੌਰਾਨ ਦਿੱਤੇ ਇਸ ਬਿਆਨ ਕਿ ਜੇਕਰ ਗੁਰੂ ਘਰਾਂ ਵਿਚੋਂ ਗੋਲਕਾਂ ਚੁੱਕ ਦਿੱਤੀਆਂ ਜਾਣ ਤਾਂ ਬਹੁਤੇ ਅਕਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਕਿਨਾਰਾ ਕਰ ਲੈਣਗੇ, ਬਾਰੇ ਸਖ਼ਤ ਇਤਰਾਜ਼ ਜਤਾਉਂਦੇ ਹੋਏ ਟੌਹੜਾ ਨੇ ਕਿਹਾ ਹੈ ਕਿ ਚਾਲੀ ਮੁਕਤਿਆਂ ਦੀ ਧਰਤੀ 'ਤੇ ਖੜੇ ਹੋ ਕੇ ਦਿੱਤਾ ਇਹ ਬਿਆਨ ਦਰਸਾਉਂਦਾ ਹੈ ਕਿ ਜਾਂ ਤਾਂ ਮੁੱਖ ਮੰਤਰੀ ਨੂੰ ਪੰਥ ਦੇ ਇਤਿਹਾਸ ਦੀ ਭੋਰਾ ਵੀ ਜਾਣਕਾਰੀ ਨਹੀਂ ਹੈ, ਜਾਂ ਫਿਰ ਉਹ ਸਿੱਖ ਕੌਮ ਨੂੰ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਦਾ ਹੱਥ ਠੋਕਾ ਬਣ ਕੇ ਅਜਿਹੀ ਕੋਝੀ ਬਿਆਨਬਾਜ਼ੀ ਕਰ ਰਹੇ ਹਨ | ਅੰਗਰੇਜ਼ਾਂ ਦੇ ਰਾਜ ਵੇਲੇ ਚੱਲੀ ਗੁਰਦੁਆਰਾ ਸੁਧਾਰ ਲਹਿਰ ਦਾ ਜ਼ਿਕਰ ਕਰਦਿਆਂ ਟੌਹੜਾ ਨੇ ਮੁੱਖ ਮੰਤਰੀ ਨੂੰ ਚੇਤਾਇਆ ਹੈ ਕਿ ਕੌਮ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ 'ਚ ਲਿਆਉਣ ਲਈ ਸੈਂਕੜੇ ਸ਼ਹਾਦਤਾਂ ਦਿੱਤੀਆਂ ਹਨ | ਉਹ ਕੁਰਬਾਨੀਆਂ ਗੁਰੂ ਘਰਾਂ 'ਚ ਪੰਥਕ ਮਰਿਆਦਾ ਬਹਾਲ ਕਰਨ ਲਈ ਦਿੱਤੀਆਂ ਗਈਆਂ ਸਨ ਨਾ ਕਿ ਗੋਲਕਾਂ 'ਤੇ ਕਬਜ਼ੇ ਕਰਨ ਲਈ |