ਡੀ. ਸੀ. ਵਲੋਂ ਸ਼ਹੀਦੀ ਸਭਾ ਦੌਰਾਨ ਸੰਗਤਾਂ ਲਈ ਕੀਤੇ ਜਾ ਰਹੇ ਵਿਆਪਕ ਪ੍ਰਬੰਧਾਂ ਦਾ ਜਾਇਜ਼ਾ
ਅਜੀਤ ਡੈਸਕ
23-12-2025
ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਸਾਫ਼-ਸਫ਼ਾਈ ਲਈ ਕੀਤੇ ਜਾ ਰਹੇ ਪ੍ਰਬੰਧਾਂ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 25 ਅਤੇ 26 ਦਸੰਬਰ ਨੂੰ ਲੱਗਣ ਵਾਲੇ ਵਿਸ਼ਾਲ ਖੂਨਦਾਨ ਕੈਂਪ ਦੀਆਂ ਤਿਆਰੀਆਂ, ਸਰਕਾਰੀ ਵਿਭਾਗਾਂ 'ਤੇ ਅਧਾਰਿਤ ਪ੍ਰਦਰਸ਼ਨੀਆਂ, ਜ਼ਿਲ੍ਹੇ ਭਰ ਵਿਚ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਚਲਾਈਆਂ ਜਾਣ ਵਾਲੀਆਂ ਸ਼ਟਲ ਬੱਸਾਂ, ਫ਼ਤਹਿਗੜ੍ਹ ਸਾਹਿਬ ਦੇ ਅੰਦਰੂਨੀ ਹਿੱਸਿਆਂ ਵਿਚ ਸੰਗਤਾਂ ਲਈ ਚੱਲਣ ਵਾਲੇ ਮੁਫ਼ਤ ਈ-ਰਿਕਸ਼ਿਆਂ ਦੇ ਪ੍ਰਬੰਧਾਂ, ਸੰਗਤਾਂ ਦੇ ਠਹਿਰਨ ਲਈ ਬਣਾਏ 5 ਰੈਣ ਬਸੇਰਿਆਂ ਵਿਚ ਕੀਤੇ ਜਾ ਰਹੇ ਪ੍ਰਬੰਧਾਂ, ਪਖਾਨਿਆਂ ਦੀ ਨਿਯਮਤ ਸਾਫ਼-ਸਫ਼ਾਈ, ਪੀਣ ਲਈ ਸਾਫ਼ ਪਾਣੀ ਦੀ ਉਪਲੱਬਧਤਾ, ਮੈਡੀਕਲ ਸੁਵਿਧਾਵਾਂ ਲਈ 20 ਆਰਜ਼ੀ ਆਮ ਆਦਮੀ ਕਲੀਨਿਕਾਂ ਤੇ 7 ਡਿਸਪੈਂਸਰੀਆਂ ਦੀ ਸਥਾਪਨਾ, ਸੂਚਨਾ ਕੇਂਦਰਾਂ ਦੀ ਸਥਾਪਨਾ, ਨਿਰਵਿਘਨ ਬਿਜਲੀ ਸਪਲਾਈ, ਰੌਸ਼ਨੀ, ਯਾਦਗਾਰੀ ਗੇਟਾਂ 'ਤੇ ਰੰਗ ਰੋਗਨ, ਲਿੰਕ ਸੜਕਾਂ ਦੀ ਮੁਰੰਮਤ ਤੇ ਪੈਚ ਵਰਕ ਆਦਿ ਵੱਖ-ਵੱਖ ਕੰਮਾਂ ਬਾਰੇ ਜਾਇਜ਼ਾ ਲਿਆ | ਉਨ੍ਹਾਂ ਨੇ ਆਮ ਖ਼ਾਸ ਬਾਗ਼ ਵਿਖੇ 25 ਤੇ 26 ਦਸੰਬਰ ਦੀ ਸ਼ਾਮ ਨੂੰ ਆਯੋਜਿਤ ਹੋਣ ਵਾਲੇ ਇਤਿਹਾਸਿਕ ਨਾਟਕ ਦੇ ਪ੍ਰਬੰਧਾਂ ਨੂੰ ਵੀ ਸਮੇਂ ਸਿਰ ਨੇਪਰੇ ਚੜ੍ਹਾਉਣ ਦੀ ਹਦਾਇਤ ਕੀਤੀ | ਡਿਪਟੀ ਕਮਿਸ਼ਨਰ ਨੇ ਪੁਲਿਸ ਵਲੋਂ ਸੁਖਾਵੀਂ ਆਵਾਜਾਈ, ਪਾਰਕਿੰਗ ਲਈ ਪਛਾਣੇ ਗਏ 23 ਸਥਾਨਾਂ, ਸੁਰੱਖਿਆ ਪ੍ਰਬੰਧਾਂ, ਸੀ.ਸੀ.ਟੀ.ਵੀ. ਕੈਮਰਿਆਂ, ਨਾਕਾਬੰਦੀ ਆਦਿ ਲਈ ਵੀ ਜਾਇਜ਼ਾ ਲਿਆ | ਉਨ੍ਹਾਂ ਨੇ ਸਮੂਹ ਨੋਡਲ ਅਫ਼ਸਰਾਂ ਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਮੁੱਚੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਨਿਯਮਤ ਨਿਗਰਾਨੀ ਰੱਖੀ ਜਾਵੇ ਅਤੇ ਇਸ ਸਬੰਧੀ ਆਪਸ ਵਿਚ ਤਾਲ-ਮੇਲ ਰੱਖ ਕੇ ਸ਼ਹੀਦੀ ਸਭਾ ਦੌਰਾਨ ਆਉਣ ਵਾਲੇ ਸ਼ਰਧਾਲੂਆਂ ਨੂੰ ਹਰ ਪੱਖੋਂ ਸੁਵਿਧਾਵਾਂ ਉਪਲੱਬਧ ਕਰਵਾਈਆਂ ਜਾਣ | ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਧਾਲੀਵਾਲ, ਐੱਸ.ਡੀ.ਐੱਮ ਸੂਬਾ ਸਿੰਘ, ਐੱਸ. ਡੀ. ਐੱਮ ਮਨਰੀਤ ਰਾਣਾ, ਮੁੱਖ ਮੰਤਰੀ ਫ਼ੀਲਡ ਅਫ਼ਸਰ ਸ਼ੰਕਰ ਸ਼ਰਮਾ, ਐੱਸ. ਪੀ. ਰਾਕੇਸ਼ ਕੁਮਾਰ ਯਾਦਵ ਸਮੇਤ ਵੱਖ-ਵੱਖ ਵਿਭਾਗਾਂ ਦੇ ਮੁਖੀ ਵੀ ਹਾਜ਼ਰ ਸਨ |