ਬਟਾਲਾ, 22 ਸਤੰਬਰ (ਸਤਿੰਦਰ ਸਿੰਘ)-ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਪਰਾਲੀ ਨਾ ਸਾੜਨ ਲਈ ਵਿੱਢੀ ਜਾਗਰੂਕਤਾ ਮੁਹਿੰਮ ਤਹਿਤ ਬਟਾਲਾ ਨੇੜਲੇ ਪਿੰਡ ਮਸਾਣੀਆਂ ਵਿਖੇ ਪਹੁੰਚ ਕੇ ਕਿਸਾਨਾਂ ਨਾਲ ਮੀਟਿੰਗ ਕੀਤੀ | ਇਸ ਮੌਕੇ ਸੁਹੇਲ ਕਾਸਿਮ ਮੀਰ ਐੱਸ. ਐੱਸ. ਪੀ. ਬਟਾਲਾ, ਵਿਕਰਮਜੀਤ ਸਿੰਘ ਪਾਂਥੇ ਐੱਸ. ਡੀ. ਐਮ. ਬਟਾਲਾ, ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ ਸਮੇਤ ਪਿੰਡ ਦੇ ਕਿਸਾਨ ਆਦਿ ਮੌਜੂਦ ਸਨ | ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਪਿਛਲੇ ਸਾਲਾਂ ਦੌਰਾਨ ਪਰਾਲੀ ਨਾ ਸਾੜਨ ਵਾਲੇ 10 ਅਗਾਂਹਵਧੂ ਕਿਸਾਨਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ | ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਲਗਾਏ ਵਿਸ਼ੇਸ਼ ਕੈਂਪ ਦੌਰਾਨ ਡਿਪਟੀ ਕਮਿਸ਼ਨਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਮਿੱਟੀ ਦੀ ਸਿਹਤ ਤੰਦਰੁਸਤ ਹੋਵੇਗੀ ਤਾਂ ਪੈਦਾ ਹੋਇਆ ਅਨਾਜ ਵੀ ਮਿਆਰੀ ਹੋਵੇਗਾ | ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਵਿਚ ਬਹੁਤ ਸਾਰੇ ਖੁਰਾਕੀ ਤੱਤ ਮੌਜੂਦ ਹੁੰਦੇ ਹਨ ਜੋ ਅੱਗ ਲੱਗਣ ਕਾਰਨ ਖ਼ਤਮ ਹੋ ਜਾਂਦੇ ਹਨ | ਡਿਪਟੀ ਕਮਿਸ਼ਨਰ ਨੇ ਮਸਾਣੀਆਂ ਅਤੇ ਨੇੜਲੇ ਪਿੰਡਾਂ 'ਚ ਆਏ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮੂਹਿਕ ਸਹਿਯੋਗ ਨਾਲ ਫ਼ਸਲ ਦੀ ਰਹਿੰਦ-ਖੂੰਹਦ ਨਾ ਸਾੜਨ ਦੀ ਮੁਹਿੰਮ ਨੂੰ ਕਾਮਯਾਬ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹੇ 'ਚ 'ਪਰਾਲੀ ਪਰੋਟੈਕਸ਼ਨ ਫੋਰਸ' ਦਾ ਗਠਨ ਕੀਤਾ ਗਿਆ ਹੈ | ਇਸ ਮੌਕੇ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਫ਼ਸਲ ਦੀ ਰਹਿੰਦ-ਖੂੰਹਦ ਪੈਲੀ ਵਿਚ ਵਾਹ ਕੇ ਕਣਕ ਬੀਜਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਸਬਸਿਡੀ ਵਾਲੀ ਮਸ਼ੀਨਰੀ ਪਿੰਡ ਦੀ ਸਾਂਝੀ ਥਾਂ 'ਤੇ ਰੱਖੀ ਜਾਵੇ ਤਾਂ ਜੋ ਕੋਈ ਵੀ ਕਿਸਾਨ ਉਸ ਦੀ ਕਿਰਾਏ 'ਤੇ ਵਰਤੋਂ ਕਰ ਸਕੇ | ਇਸ ਤੋਂ ਪਹਿਲਾਂ ਅਗਾਂਹਵਧੂ ਕਿਸਾਨ ਹਰਵਿੰਦਰ ਸਿੰਘ ਮਸਾਣੀਆਂ ਨੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਦਾ ਪਿੰਡ ਮਸਾਣੀਆਂ ਵਿਖੇ ਪਹੁੰਚਣ 'ਤੇ ਧੰਨਵਾਦ ਕਰਦਿਆਂ ਪਿੰਡ ਵਾਸੀਆਂ ਵਲੋਂ ਪਰਾਲੀ ਨਾ ਸਾੜਨ ਦਾ ਵਿਸ਼ਵਾਸ ਦਿਵਾਇਆ | ਇਸ ਮੌਕੇ ਉਨ੍ਹਾਂ ਪਰਾਲੀ ਦਾ ਸੰਭਾਲ ਲਈ ਬੇਲਰ ਉਪਲੱਬਧ ਕਰਵਾਉਣ ਸਮੇਤ ਲੋਂੜੀਦੀ ਖੇਤੀਬਾੜੀ ਮਸ਼ੀਨਰੀ ਮੁਹੱਈਆ ਕਰਵਾਉਣ ਲਈ ਕਿਹਾ | ਇਸ ਮੌਕੇ ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਵਿਭਾਗ ਵਲੋਂ ਪਰਾਲੀ ਨਾ ਸਾੜਨ ਸੰਬੰਧੀ ਜਾਗਰੂਕਤਾ ਪੋਸਟਰ ਵੀ ਜਾਰੀ ਕੀਤੇ ਗਏ | ਇਸ ਮੌਕੇ ਜਸਮੀਤ ਸਿੰਘ ਐੱਸ. ਡੀ. ਓ. ਪ੍ਰਦੂਸ਼ਣ ਕੰਟਰੋਲ ਬੋਰਡ, ਸਿਮਰਨਜੀਤ ਸਿੰਘ ਏ. ਡੀ. ਓ. ਬਟਾਲਾ, ਬਲਦੇਵ ਸਿੰਘ ਬੁੱਟਰ ਖੇਤੀਬਾੜੀ ਵਿਸਥਾਰ ਅਫ਼ਸਰ, ਡੀ. ਐੱਸ. ਪੀ. ਸੰਜੀਵ ਕੁਮਾਰ, ਡਾ. ਕੁਲਦੀਪ ਸਿੰਘ, ਅਗਾਂਹਵਧੂ ਕਿਸਾਨ ਹਰਵਿੰਦਰ ਸਿੰਘ ਮਸਾਣੀਆਂ, ਕਵਲਜੀਤ ਸਿੰਘ ਤੇ ਮਨਜੀਤ ਸਿੰਘ, ਸਰਪੰਚ ਪ੍ਰਭਸਿਮਰਨ ਸਿੰਘ, ਪਟਵਾਰੀ ਹਰਸਿਮਰਨ ਸਿੰਘ, ਗੋਬਿੰਦਪਾਲ ਸਿੰਘ ਜੇ. ਟੀ., ਕੁਲਵਿੰਦਰ ਸਿੰਘ ਬੀ. ਟੀ. ਐੱਮ. ਹਰਗੁਰਨੇਕ ਸਿੰਘ ਏ. ਟੀ. ਐੱਮ. ਆਦਿ ਹਾਜ਼ਰ ਸਨ |