ਗੁਰਦਾਸਪੁਰ, 22 ਸਤੰਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ-ਮੁਕੇਰੀਆਂ ਸੜਕ ਵਿਚਕਾਰ ਪੈਂਦੀ ਨਹਿਰ ਅਪਰਬਾਰੀ ਦੁਆਬ ਅਤੇ ਨਹਿਰ ਕਸੂਰ ਬਰਾਂਚ 'ਤੇ ਬਣੇ ਪੁਲ 'ਤੇ ਲੱਗੀਆਂ ਲਾਈਟਾਂ ਨਾ ਜਗਣ ਕਾਰਨ ਹਾਦਸੇ ਹੋਣ ਦਾ ਡਰ ਬਣਿਆ ਰਹਿੰਦਾ ਹੈ | ਜਿਸ ਕਾਰਨ ਇਲਾਕਾ ਵਾਸੀਆਂ ਦਾ ਪੰਜਾਬ ਸਰਕਾਰ ਤੇ ਸਬੰਧਿਤ ਵਿਭਾਗ ਵਲੋਂ ਧਿਆਨ ਨਾ ਦੇਣ ਕਰਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਸਾਲ ਪਹਿਲਾਂ ਨਹਿਰ ਅਪਰਬਾਰੀ ਦੁਆਬ ਤੇ ਕਸੂਰ ਬਰਾਂਚ ਨਹਿਰ ਤੋਂ ਲੰਘਣ ਵਾਸਤੇ ਪੁਲ ਬਣਾਇਆ ਗਿਆ ਸੀ, ਜਿਸ ਦਾ ਉਦਘਾਟਨ ਉਸ ਸਮੇਂ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਵਿਨੋਦ ਖੰਨਾ ਐਮ.ਪੀ ਅਤੇ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਵਲੋਂ 26 ਅਪ੍ਰੈਲ 2007 ਵਿਚ ਕੀਤਾ ਸੀ | ਪੁੁਲ ਉੱਤੇ ਰਾਤ ਨੂੰ ਰੌਸ਼ਨੀ ਵਾਸਤੇ ਲਾਈਟਾਂ ਦੇ ਕਰੀਬ 18 ਖੰਬੇ ਲਗਾਏ ਸੀ ਜੋ ਕੁਝ ਸਮੇਂ ਬਾਅਦ ਹੀ ਲਾਈਟਾਂ ਜਗਣੋਂ ਬੰਦ ਹੋ ਗਈਆਂ ਅਤੇ ਖੰਬੇ ਵੀ ਟੁੱਟ ਗਏ | ਹੁਣ ਇਨ੍ਹਾਂ ਖੰਬਿਆਂ 'ਤੇ ਲੱਗੀਆਂ ਬੈਟਰੀਆਂ ਵੀ ਗ਼ਾਇਬ ਹੋ ਗਈਆਂ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਇਸ ਨਹਿਰ 'ਤੇ ਬਣੇ ਪੁਲ ਰਾਹੀਂ ਰੋਜ਼ਾਨਾ ਦਿਨ-ਰਾਤ ਸੈਂਕੜਿਆਂ ਦੀ ਗਿਣਤੀ ਵਿਚ ਛੋਟੇ ਵੱਡੇ ਵਾਹਨ ਦਿੱਲੀ, ਜਲੰਧਰ, ਚੰਡੀਗੜ੍ਹ ਆਦਿ ਤੋਂ ਆਉਂਦੇ ਹੋਏ ਜੰਮੂ, ਊਧਮਪੁਰ, ਸ੍ਰੀਨਗਰ ਸ਼ਹਿਰਾਂ ਨੂੰ ਆਉਂਦੇ-ਜਾਂਦੇ ਹਨ | ਲੋਕਾਂ ਨੇ ਦੱਸਿਆ ਕਿ ਪੁਲ 'ਤੇ ਰਾਤ ਸਮੇਂ ਹਨੇਰਾ ਹੋਣ ਕਾਰਨ ਕਈ ਵਾਰ ਦੋ ਪਹੀਆ ਵਾਹਨ ਆਪਸ ਵਿਚ ਟਕਰਾ ਕੇ ਹਾਦਸਾ ਗ੍ਰਸਤ ਹੋ ਚੁੱਕੇ ਹਨ ਅਤੇ ਵੱਡੇ ਵਾਹਨਾਂ ਦਾ ਵੀ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ | ਇਲਾਕਾ ਵਾਸੀਆਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਲੋਕ ਨਿਰਮਾਣ ਵਿਭਾਗ ਦੇ ਇਲੈਕਟ੍ਰੀਕਲ ਵਿੰਗ ਨੂੰ ਹਦਾਇਤਾਂ ਕਰਕੇ ਪੁਲ 'ਤੇ ਬੰਦ ਅਤੇ ਖ਼ਰਾਬ ਲਾਈਟਾਂ ਨੂੰ ਚਾਲੂ ਕੀਤਾ ਜਾਵੇ ਤਾਂ ਜੋ ਕਿਸੇ ਵੇਲੇ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ | ਇਸ ਸਬੰਧੀ ਜਦੋਂ ਇਲੈਕਟ੍ਰੀਕਲ ਵਿੰਗ ਦੇ ਅਧਿਕਾਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ |