ਘੁਮਾਣ, 24 ਸਤੰਬਰ (ਬੰਮਰਾਹ)-ਪੰਜਾਬ ਸਰਕਾਰ ਵਲੋਂ ਕਿਸਾਨਾਂ ਦੇ ਗੰਨੇ ਦਾ ਬਕਾਇਆ ਨਾ ਦੇਣ ਕਾਰਨ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸਬੰਧੀ ਪਿੰਡ ਬੋਲੇਵਾਲ ਦੇ ਕਿਸਾਨ ਤੇ ਸਾਬਕਾ ਸਰਪੰਚ ਪਰਮਜੀਤ ਸਿੰਘ ਬੋਲੇਵਾਲ ਮੈਂਬਰ ਕੇਨ ਕਮੇਟੀ, ਬਲਵੰਤ ਸਿੰਘ ਬੋਲੇਵਾਲ, ਹਰਪਾਲ ਸਿੰਘ ਬੋਲੇਵਾਲ, ਸਾ. ਸਰਪੰਚ ਪਲਵਿੰਦਰ ਸਿੰਘ ਪੇਜੋਚੱਕ, ਦਿਲਬਾਗ ਸਿੰਘ ਲਾਲੀ ਚੀਮਾ, ਗੁਰਦੇਵ ਸਿੰਘ ਲਾਡੀ, ਨੰਬਰਦਾਰ ਲਖਵਿੰਦਰ ਸਿੰਘ, ਮਨਦੀਪ ਸਿੰਘ, ਜਗੀਰ ਸਿੰਘ, ਪ੍ਰਤਾਪ ਸਿੰਘ ਆਦਿ ਨੇ ਦੱਸਿਆ ਕਿ ਕਿਸਾਨਾਂ ਵਲੋਂ 2024-25 ਵਿਚ ਗੰਨੇ ਦੀ ਫ਼ਸਲ ਵੱਖ-ਵੱਖ ਪ੍ਰਾਈਵੇਟ ਮਿੱਲਾਂ ਨੂੰ ਦਿੱਤੀ ਸੀ, ਜਿਸ ਵਿਚ ਕੇਂਦਰ ਸਰਕਾਰ ਵਲੋ ਦਿੱਤੀ ਜਾਣ ਵਾਲੀ ਰਕਮ 339 ਰੁਪਏ 50 ਪੈਸੇ ਕਿਸਾਨਾਂ ਨੂੰ ਮਿਲ ਚੁੱਕੀ ਹੈ, ਪਰ ਸੂਬਾ ਸਰਕਾਰ ਵਲੋਂ ਬੋਨਸ ਦੇ ਰੂਪ 'ਚ ਦਿੱਤੀ ਜਾਣ ਵਾਲੀ 61 ਰੁਪਏ 50 ਪੈਸੇ ਪ੍ਰਤੀ ਕੁਇੰਟਲ ਦੀ ਅਦਾਇਗੀ ਇਕ ਸਾਲ ਬੀਤ ਜਾਣ ਦੇ ਬਾਅਦ ਵੀ ਨਹੀਂ ਕੀਤੀ ਗਈ | ਉਨ੍ਹਾਂ ਕਿਹਾ ਕਿ ਰਾਣਾ ਸ਼ੂਗਰ ਮਿੱਲ ਬੁੱਟਰ ਸਿਵੀਆਂ, ਜਿਸ ਵਿਚ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੇ ਨਾਲ ਲਗਦੇ ਹਲਕਿਆਂ ਦੇ ਕਿਸਾਨਾਂ ਨੇ 50 ਫ਼ੀਸਦੀ ਤੋਂ ਵੱਧ ਗੰਨਾ ਇਸ ਮਿੱਲ ਵਿਚ ਸੁੱਟਿਆ ਹੈ | ਉਨ੍ਹਾਂ ਕਿਹਾ ਕਿ ਇਸ ਮਿੱਲ ਦਾ ਮਾਲਕ ਕਾਂਗਰਸੀ ਲੀਡਰ ਹੈ, ਜਿਸ ਕਰਕੇ ਇਸ ਮਿੱਲ ਵਿਚ ਜਿੰਨੇ ਵੀ ਕਿਸਾਨਾਂ ਨੇ ਗੰਨਾ ਸੁੱਟਿਆ, ਉਨ੍ਹਾਂ ਨੂੰ ਇਸ ਦਾ ਖਮਿਆਜਾ ਭੁਗਤਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪ੍ਰਾਈਵੇਟ ਗੰਨਾ ਮਿੱਲਾਂ, ਜਿਨਾਂ ਵਿਚ ਬੁੱਟਰ ਸਿਵੀਆ, ਕੀੜੀ, ਦਸੂਹਾ, ਮਕੇਰੀਆਂ, ਅਮਲੋਹ, ਫਗਵਾੜਾ ਆਦਿ ਮਿੱਲਾਂ ਜੋ ਪ੍ਰਾਈਵੇਟ ਤੌਰ 'ਤੇ ਚੱਲ ਰਹੀਆਂ ਹਨ, ਇਨ੍ਹਾਂ ਸਾਰੀਆਂ ਮਿੱਲਾਂ ਦਾ ਬਕਾਇਆ ਹਾਲੇ ਤੱਕ ਖੜ੍ਹਾ ਹੈ | ਉਨ੍ਹਾਂ ਕਿਹਾ ਕਿ ਰਾਣਾ ਸ਼ੂਗਰ ਮਿੱਲ ਵਿਚ ਜਿਨ੍ਹਾਂ ਕਿਸਾਨਾਂ ਨੇ ਗੰਨਾ ਸੁੱਟਿਆ ਹੈ, ਉਨ੍ਹਾਂ ਦਾ 34 ਕਰੋੜ ਰੁਪਏ ਬਕਾਇਆ ਸਰਕਾਰ ਨਹੀਂ ਦੇ ਰਹੀ, ਜਿਸ ਕਰਕੇ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ | ਉਨ੍ਹਾਂ ਕਿਹਾ ਕਿ ਸਰਕਾਰ ਜਲਦ ਤੋਂ ਜਲਦ ਗੰਨੇ ਦੀ ਬਕਾਇਆ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿਚ ਪਾਵੇ, ਜੇਕਰ ਸਰਕਾਰ ਨੇ ਕਿਸਾਨਾਂ ਦੇ ਬਕਾਏ ਜਲਦ ਨਾ ਦਿੱਤੇ ਤਾਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ |