ਬਟਾਲਾ, 19 ਅਕਤੂਬਰ (ਸਤਿੰਦਰ ਸਿੰਘ)-ਬੀਤੇ ਦਿਨੀਂ ਬਟਾਲਾ ਦੇ ਡੇਰਾ ਰੋਡ 'ਤੇ ਸਥਿਤ ਮੱਲ੍ਹੀ ਮਾਰਕਿਟ 'ਚ ਗੋਲੀ ਚੱਲਣ ਦੇ ਮਾਮਲੇ 'ਚ ਬਟਾਲਾ ਪੁਲਿਸ ਨੇ 2 ਔਰਤਾਂ ਸਮੇਤ 5 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ | ਜਦ ਕਿ ਇਨ੍ਹਾਂ ਦੇ 2 ਹੋਰ ਹਮਾਇਤੀ ਫਰਾਰ ਚੱਲ ਰਹੇ ਹਨ | ਗੋਲੀ ਚੱਲਣ ਸਮੇਂ ਇੰਟੈਲੀਜੈਂਸ ਵਿਭਾਗ ਦਾ ਇਕ ਕਰਮਚਾਰੀ ਜ਼ਖ਼ਮੀ ਹੋਇਆ ਸੀ | ਜਾਣਕਾਰੀ ਦਿੰਦਿਆਂ ਥਾਣਾ ਸਿਵਲ ਲਾਇਨ ਬਟਾਲਾ ਦੇ ਐਸ.ਐਚ.ਓ. ਹਰਜਿੰਦਰ ਸਿੰਘ ਨੇ ਦੱਸਿਆ ਕਿ ਅਮਿਤ ਸ਼ਰਮਾ ਪੁੱਤਰ ਦਰਸ਼ਨ ਸ਼ਰਮਾ ਵਾਸੀ ਦਾਰਾਪੁਰ ਜੋ ਕਿ ਕਾਉਂਟਰ ਇੰਟੈਲੀਜੈਂਸ ਵਿਭਾਗ ਪਠਾਨਕੋਟ ਵਿਖੇ ਤਾਇਨਾਤ ਹਨ, ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਥਾਣਾ ਅੰਮਿ੍ਤਸਰ ਵਿਚ ਅਸਲਾ ਐਕਟ ਤਹਿਤ ਲੋੜੀਂਦੇ ਦੋਸ਼ੀ ਮੋਨੂੰ ਮਸੀਹ ਉਰਫ ਲਿਖਾਰੀ ਮਸੀਹ ਵਾਸੀ ਪੱਖੋਕੇ ਟਾਹਲੀ ਸਾਹਿਬ ਨੂੰ ਗਿ੍ਫਤਾਰ ਕਰਨ ਲਈ ਉਸ ਦਾ ਪਿੱਛਾ ਕਰਦਾ ਆ ਰਿਹਾ ਸੀ | ਉਸ ਦਾ ਕਹਿਣਾ ਸੀ ਕਿ ਮੋਨੂੰ ਮਸੀਹ ਦੀ ਮਾਤਾ ਰਾਜ, ਪਿਤਾ ਸੱਬਾ ਮਸੀਹ ਤੇ ਭੈਣ ਪਿ੍ਯੰਕਾ ਪਤਨੀ ਸਨੀ ਮਸੀਹ ਸਾਰੇ ਵਾਸੀ ਸਾਰਚੂਰ ਇਸ ਨੂੰ ਛਪਾਉਂਦੇ ਸਨ ਤੇ ਇਸ ਨੂੰ ਹੋਰ ਜਾਣਕਾਰੀ ਵੀ ਦਿੰਦੇ ਸਨ, ਜਿਸ 'ਤੇ ਅਸੀਂ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਇਸ ਦਾ ਪਿੱਛਾ ਕਰਦਿਆਂ ਮੱਲ੍ਹੀ ਮਾਰਕਿਟ 'ਚ ਪਹੁੰਚੇ ਤਾਂ ਉਥੇ ਇਹ ਇਕ ਕਾਰ ਵਿਚ ਬੈਠੇ ਸਨ, ਉਨ੍ਹਾਂ ਨੇ ਇੰਟੈਲੀਜੈਂਸ ਪੁਲਿਸ ਨੂੰ ਦੇਖ ਕੇ ਦੌੜਨ ਦੀ ਕੋਸ਼ਿਸ਼ ਕੀਤੀ ਤੇ ਇਸ ਦੌਰਾਨ ਉਨ੍ਹਾਂ ਨੇ ਗੋਲੀ ਚਲਾ ਦਿੱਤੀ, ਜਿਸ ਨਾਲ ਹੈੱਡ ਕਾਂਸਟੇਬਲ ਕੁਲਪਿੰਦਰ ਸਿੰਘ ਜ਼ਖ਼ਮੀ ਹੋ ਗਿਆ | ਐਸ.ਐਚ.ਓ. ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ 'ਚ ਪੁਲਿਸ ਨੇ ਕਰਤਾਰ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਜਾਂਗਲਾ, ਜਗਜੀਤ ਸਿੰਘ ਉਰਫ ਜੱਗੀ ਵਾਸੀ ਕਠਿਆਲਾ, ਸੱਬਾ ਮਸੀਹ, ਰਾਜ ਪਤਨੀ ਸੱਬਾ ਮਸੀਹ, ਪਿ੍ਯੰਕਾ ਪਤਨੀ ਸੰਨੀ ਮਸੀਹ, ਮੁਨੀਸ਼ ਪੁੱਤਰ ਸੁਖਵੰਤ ਸਿੰਘ ਵਾਸੀ ਸੁੰਦਰ ਨਗਰ ਬਟਾਲਾ, ਸਾਹਿਲ ਮਸੀਹ ਉਰਫ ਮੋਨੂੰ ਲਿਖਾਰੀ 'ਤੇ ਮਾਮਲਾ ਦਰਜ ਕੀਤਾ ਸੀ | ਉਨ੍ਹਾਂ ਕਿਹਾ ਕਿ ਪੁਲਿਸ ਨੇ ਮਾਮਲੇ ਦੀ ਛਾਣਬੀਣ ਕਰਕੇ ਕੀਤੀ ਕਾਰਵਾਈ 'ਚ ਉਕਤ 'ਚੋਂ 2 ਔਰਤਾਂ ਸਮੇਤ 5 ਜਣਿਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਦ ਕਿ ਸਾਹਿਲ ਮਸੀਹ ਅਤੇ ਮੁਨੀਸ਼ ਅਜੇ ਤੱਕ ਫਰਾਰ ਹਨ, ਇਨ੍ਹਾਂ ਨੂੰ ਵੀ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ |