ਗੁਰਦਾਸਪੁਰ, 22 ਨਵੰਬਰ (ਚੱਕਰਾਜਾ)- ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਵਲੋਂ ਅੱਜ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਪਿੰਡ ਗਾਜੀਕੋਟ ਨੇੜੇ ਗਾਜੀਕੋਟ ਪੁਲ ਤੋਂ ਲੈ ਕੇ ਤਿੱਬੜੀ ਪੁੱਲ ਤੱਕ 2.41 ਕਰੋੜ ਰੁਪਏ ਦੀ ਲਾਗਤ ਨਾਲ ਯੂ.ਬੀ.ਡੀ.ਸੀ ਨਹਿਰ ਦੇ ਨਾਲ-ਨਾਲ ਬਣਨ ਵਾਲੀ 4.52 ਕਿੱਲੋਮੀਟਰ ਲੰਮੀ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ | ਇਸ ਮੌਕੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਪੰਜਾਬ ਅੰਦਰ ਇਸ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਵਿਕਾਸ ਦੀ ਹਨੇਰੀ ਚੱਲ ਰਹੀ ਹੈ ਤੇ ਦੀਨਾਨਗਰ ਹਲਕੇ ਅੰਦਰ ਵੀ ਸੜਕਾਂ ਦੇ ਨਿਰਮਾਣ ਸਮੇਤ ਹੋਰ ਵਿਕਾਸ ਕਾਰਜਾਂ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਇਸ ਵੇਲੇ ਸੜਕਾਂ, ਖੇਡ ਸਟੇਡੀਅਮਾਂ, ਸਕੂਲ, ਗਲੀਆਂ ਨਾਲੀਆਂ, ਬਿਜਲੀ ਸੁਧਾਰਾਂ ਤੇ ਸਿਹਤ ਸੁਧਾਰਾਂ ਸਣੇ ਹੋਰ ਕਈ ਵਿਕਾਸ ਕੰਮ ਕਰਵਾਏ ਜਾ ਰਹੇ ਹਨ ਜੋ ਆਉਂਦੇ ਦਿਨਾਂ 'ਚ ਮੁਕੰਮਲ ਹੋਣ ਮਗਰੋਂ ਹਲਕੇ ਨੂੰ ਨਵੀਂ ਤੇ ਸ਼ਾਨਦਾਰ ਦਿੱਖ ਪ੍ਰਦਾਨ ਕਰਨਗੇ | ਹਲਕਾ ਇੰਚਾਰਜ ਨੇ ਕਿਹਾ ਉਨ੍ਹਾਂ ਦਾ ਮਕਸਦ ਦੀਨਾਨਗਰ ਵਿਧਾਨ ਸਭਾ ਹਲਕੇ ਨੂੰ ਵਿਕਾਸ ਪੱਖੋਂ ਨਮੂਨੇ ਦਾ ਹਲਕਾ ਬਣਾਉਣਾ ਹੈ ਤੇ ਉਹ ਇਸ ਮੰਤਵ ਲਈ ਦਿਨ ਰਾਤ ਹਲਕੇ ਦੇ ਲੋਕਾਂ ਨੂੰ ਨਾਲ ਲੈ ਕੇ ਕੰਮ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕੀਤੇ ਜਾ ਰਹੇ ਕੰਮਾਂ ਤੋਂ ਕਾਫੀ ਸੰਤੁਸ਼ਟ ਹਨ |