ਫ਼ਾਜ਼ਿਲਕਾ, 1 ਸਤੰਬਰ (ਦਵਿੰਦਰ ਪਾਲ ਸਿੰਘ) - ਵਿਸ਼ੇਸ਼ ਸਕੱਤਰ ਕਮ ਐਮ.ਡੀ. ਕੌਮੀ ਸਿਹਤ ਮਿਸ਼ਨ ਘਣ ਸ਼ਿਆਮ ਥੋਰੀ ਨੇ ਫ਼ਾਜ਼ਿਲਕਾ ਜ਼ਿਲ੍ਹੇ ਦਾ ਦੌਰਾ ਕਰਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਮੁਹੱਈਆ ਕਰਵਾਈਆਂ ਜਾ ਰਹੀਆਂ ਮੈਡੀਕਲ ਸਹੂਲਤਾਂ ਦੀ ਸਮੀਖਿਆ ਲਈ ਬੈਠਕ ਕੀਤੀ | ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪ੍ਰਭਾਵਿਤ ਇਲਾਕਿਆਂ ਵਿਚ ਕੋਈ ਵੀ ਲੋੜਵੰਦ ਮੈਡੀਕਲ ਸਹੂਲਤਾਂ ਤੋਂ ਵਾਂਝਾ ਨਾ ਰਹੇ ਹੈ ਅਤੇ ਲੋਕਾਂ ਨੂੰ ਬੈਕਟੀਰੀਆ ਅਤੇ ਪਾਣੀ ਤੋਂ ਫੈਲਣ ਵਾਲੇ ਰੋਗਾਂ ਪ੍ਰਤੀ ਵਿਸ਼ੇਸ਼ ਤੌਰ 'ਤੇ ਜਾਗਰੂਕ ਕਰਨ ਤੇ ਵੀ ਨਾਲੋਂ ਨਾਲ ਤੱਵਜੋਂ ਦਿੱਤੀ ਜਾਵੇ ਅਤੇ ਮਲੇਰੀਆ, ਡੇਂਗੂ ਦਾ ਕੋਈ ਫੈਲਾਅ ਨਾ ਹੋਵੇ ਇਸ ਲਈ ਵੀ ਅਗੇਤੇ ਪ੍ਰਬੰਧ ਕੀਤੇ ਜਾਣ | ਇਸ ਮੌਕੇ ਸ਼੍ਰੀ ਘਣਸ਼ਿਆਮ ਥੋਰੀ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਫ਼ਾਜ਼ਿਲਕਾ ਜ਼ਿਲੇ੍ਹ ਵਿਚ ਪੰਜ ਐਂਬੂਲੈਂਸ ਹੜ੍ਹ ਰਾਹਤ ਕਾਰਜਾਂ ਲਈ ਲਗਾਈਆਂ ਗਈਆਂ ਹਨ | ਇਸ ਤੋਂ ਬਿਨਾਂ ਸਾਰੇ ਰਿਲੀਫ ਕੈਂਪਾਂ 'ਚ ਵੀ ਮੈਡੀਕਲ ਟੀਮਾਂ ਦੀ ਤਾਇਨਾਤੀ ਕੀਤੀ ਗਈ ਹੈ | ਉਨ੍ਹਾਂ ਨੇ ਇਸ ਮੌਕੇ ਵਿਸ਼ੇਸ਼ ਤੌਰ 'ਤੇ ਕਿਹਾ ਕਿ ਹਾਈ ਰਿਸਕ ਗਰਭਵਤੀ ਅÏਰਤਾਂ ਦੀ ਪਹਿਚਾਣ ਕੀਤੀ ਹੋਈ ਹੈ ਅਤੇ ਜਿਨ੍ਹਾਂ ਦਾ ਆਉਣ ਵਾਲੇ ਦਿਨਾਂ ਵਿਚ ਜਣੇਪਾ ਹੋਣ ਦੀ ਸੰਭਾਵਨਾ ਹੈ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਸਰਕਾਰੀ ਸਿਹਤ ਸੰਸਥਾ ਵਿਚ ਲੈ ਆਂਦਾ ਜਾਵੇ | ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਚਾਰ ਸੁਰੱਖਿਅਤ ਡਿਲੀਵਰੀਆਂ ਸਿਹਤ ਵਿਭਾਗ ਵੱਲੋਂ ਕਰਵਾਈਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਪ੍ਰਭਾਵਿਤ ਇਲਾਕਿਆਂ ਵਿਚ 31 ਮੈਡੀਕਲ ਟੀਮਾਂ ਕੰਮ ਕਰ ਰਹੀਆਂ ਹਨ | ਸਿਵਲ ਹਸਪਤਾਲ ਵਿਚ 10 ਬੈੱਡ ਵਿਸ਼ੇਸ਼ ਤੌਰ 'ਤੇ ਰਾਖਵੇਂ ਰੱਖੇ ਗਏ ਹਨ ਜਦਕਿ ਜਿੱਥੇ ਰਾਹਤ ਕੈਂਪਾਂ ਵਿਚ 2698 ਲੋਕਾਂ ਨੂੰ ਮੈਡੀਕਲ ਸੇਵਾਵਾਂ ਦਿੱਤੀਆਂ ਗਈਆਂ ਹਨ ਉੱਥੇ ਹੀ ਜ਼ਿਲ੍ਹਾ ਹਸਪਤਾਲ ਵਿਚ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਆਏ ਹੋਏ 18 ਵਿਅਕਤੀਆਂ ਦਾ ਇਲਾਜ ਕੀਤਾ ਗਿਆ ਹੈ | ਇਸ ਮੌਕੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਫ਼ਾਜ਼ਿਲਕਾ ਜ਼ਿਲੇ੍ਹ ਵਿਚ 21,562 ਲੋਕਾਂ ਦੀ ਆਬਾਦੀ ਹੜ੍ਹਾਂ ਤੋਂ ਪ੍ਰਭਾਵਿਤ ਪਿੰਡਾਂ ਵਿਚ ਹੈ ਅਤੇ ਇਨ੍ਹਾਂ ਲੋਕਾਂ ਨੂੰ ਹੁਣ ਤੱਕ 5966 ਰਾਸ਼ਨ ਕਿੱਟਾਂ ਤੇ 2833 ਕੈਟਲ ਫੀਡ ਦੇ ਥੈਲੇ ਰਾਹਤ ਸਮਗਰੀ ਵਜੋਂ ਵੰਡੇ ਗਏ ਹਨ | ਰਾਹਤ ਕੈਂਪਾਂ ਵਿਚ 1228 ਲੋਕ ਰਹਿ ਰਹੇ ਹਨ ਤੇ 2222 ਲੋਕਾਂ ਨੂੰ ਪ੍ਰਭਾਵਿਤ ਪਿੰਡਾਂ ਵਿਚੋਂ ਸੁਰੱਖਿਅਤ ਕੱਢਿਆ ਗਿਆ ਹੈ | ਇਸੇ ਤਰ੍ਹਾਂ 10 ਰਾਹਤ ਕੈਂਪ ਕਾਰਜਸ਼ੀਲ ਹਨ | ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਰੇਕ ਲੋੜਵੰਦ ਤੱਕ ਮਦਦ ਪਹੁੰਚਾਈ ਜਾ ਰਹੀ ਹੈ | ਬੈਠਕ ਵਿਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ ਮਨਦੀਪ ਕੌਰ, ਸਹਾਇਕ ਕਮਿਸ਼ਨਰ ਜਨਰਲ ਅਮਨਦੀਪ ਸਿੰਘ ਮਾਵੀ, ਸਿਵਲ ਸਰਜਨ ਡਾ. ਰਾਜਕੁਮਾਰ, ਡਾ. ਰੋਹਿਤ ਗੋਇਲ, ਡਾ. ਐਰਿਕ, ਡਾ.ਅਰਪਿਤ ਗੁਪਤਾ, ਡਾ.ਵਿਕਾਸ ਗਾਂਧੀ, ਡਾ. ਕਵਿਤਾ ਸਿੰਘ, ਡਾ. ਰਿੰਕੂ ਚਾਵਲਾ ਵੀ ਹਾਜ਼ਰ ਸਨ |