ਜ਼ੀਰਾ, 26 ਸਤੰਬਰ (ਪ੍ਰਤਾਪ ਸਿੰਘ ਹੀਰਾ)- ਪੈਰਾਡਾਈਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਵਿਖੇ ਚੇਅਰਮੈਨ ਹਰਜੀਤ ਸਿੰਘ ਸਿੱਧੂ, ਅਮਰਜੀਤ ਕੌਰ ਸਿੱਧੂ ਤੇ ਪਿ੍ੰਸੀਪਲ ਡਾਕਟਰ ਅਵਿਨਾਸ਼ ਸਿੰਘ ਦੀ ਅਗਵਾਈ ਹੇਠ 'ਮਾਂ ਦੀ ਰਹਿਮਤ ਬੱਚੇ ਦੀ ਨਿਹਮਤ' ਇਕ ਵਿਸ਼ੇਸ਼ ਸੈਸ਼ਨ ਕਰਵਾਇਆ ਗਿਆ | ਸੈਸ਼ਨ ਦੀ ਸ਼ੁਰੂਆਤ ਸ਼ਮ੍ਹਾ ਦੀ ਰਸਮ ਨੂੰ ਰੌਸ਼ਨ ਕਰਕੇ ਕੀਤੀ ਗਈ | ਇਸ ਸਮੇਂ ਪਿ੍ੰਸੀਪਲ, ਐੱਚ.ਓ.ਡੀ. ਤੇ ਮਾਤਾਵਾਂ ਹਾਜ਼ਰ ਸਨ | ਇਸ ਦੌਰਾਨ ਦੱਸਿਆ ਗਿਆ ਕਿ ਇਹ ਬੁੱਧੀ ਗਿਆਨ ਤੇ ਚਾਨਣ ਦਾ ਪ੍ਰਤੀਕ ਹੈ ਜਿਸ ਤਰ੍ਹਾਂ ਇਕ ਦੀਵਾ ਰੌਸ਼ਨੀ ਫੈਲਾਉਂਦਾ ਹੈ ਤੇ ਹਨੇਰੀ ਨੂੰ ਦੂਰ ਕਰਦਾ ਹੈ, ਉਸੇ ਤਰ੍ਹਾਂ ਇੱਕ ਮਾਂ ਆਪਣੇ ਬੱਚੇ ਨੂੰ ਜੀਵਨ ਵਿੱਚ ਪਿਆਰ, ਕਦਰਾਂ ਕੀਮਤਾਂ ਤੇ ਕਈ ਅਜਿਹੀਆਂ ਦੁਨਿਆਵੀ ਚੀਜ਼ਾਂ ਤੋਂ ਰੂ-ਬਰੂ ਕਰਵਾਉਂਦੀ ਹੋਈ ਉਸ ਦਾ ਮਾਰਗ ਦਰਸ਼ਨ ਕਰਦੀ ਹੈ | ਸਮਾਗਮ ਦਾ ਸੰਚਾਲਨ ਮੈਡਮ ਮਾਧਵੀ ਸ਼ਰਮਾ ਦੁਆਰਾ ਕੀਤਾ ਗਿਆ | ਇਸ ਮੌਕੇ ਮੈਡਮ ਪਰਿਭਾਸ਼ਾ ਅਤੇ ਮੈਡਮ ਕਮਲਜੀਤ ਕੌਰ ਨੇ ਸਮੇਂ-ਸਮੇਂ 'ਤੇ ਆਪਣੀ ਭੂਮਿਕਾ ਨਿਭਾਈ | ਪੋ੍ਰਗਰਾਮ ਦੀ ਸ਼ੋਭਾ ਵਧਾਉਣ ਲਈ ਪਹੁੰਚੇ ਪਿ੍ੰਸੀਪਲ ਡਾ. ਅਵਿਨਾਸ਼ ਸਿੰਘ ਵਲੋਂ ਮਾਵਾਂ ਦੀ ਸ਼ਲਾਘਾ ਕਰਦੇ ਹੋਏ ਪੇ੍ਰਰਨਾਦਾਇਕ ਸ਼ਬਦਾਂ ਨਾਲ ਸੰਬੋਧਨ ਕੀਤਾ ਤੇ ਕਿਹਾ ਸਕੂਲ ਮੈਨੇਜਮੈਂਟ ਵਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ |