ਅਬੋਹਰ, 4 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ, ਸੁਖਜੀਤ ਸਿੰਘ ਬਰਾੜ)-ਅਬੋਹਰ ਦੇ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਜ਼ੋਨਲ ਪੱਧਰੀ ਯੁਵਕ ਮੇਲੇ ਵਿਚ ਵੱਖ-ਵੱਖ ਪੁਰਸਕਾਰ ਜਿੱਤੇ ਹਨ | ਇਹ ਯੁਵਕ ਮੇਲਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲ਼ੋਂ ਦਸਮੇਸ਼ ਗਰਲਜ਼ ਕਾਲਜ ਬਾਦਲ ਵਿਖੇ ਕਰਵਾਇਆ ਗਿਆ | ਜਿਸ ਵਿਚ 30 ਤੋਂ ਜ਼ਿਆਦਾ ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿ੍ੰਸੀਪਲ ਡਾ. ਰੁਪਿੰਦਰ ਕੌਰ ਸੰਧੂ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲ਼ੋਂ ਵੱਖ-ਵੱਖ ਪ੍ਰਤੀਯੋਗਤਾਵਾਂ ਦਾ ਆਯੋਜਨ ਸਮੇਂ-ਸਮੇਂ 'ਤੇ ਕੀਤਾ ਜਾਂਦਾ ਹੈ ਅਤੇ ਸਾਡੇ ਕਾਲਜ ਦੇ ਵਿਦਿਆਰਥੀ ਇਨ੍ਹਾਂ ਗਤੀਵਿਧੀਆਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਹਨ | ਕਾਲਜ ਵਿਦਿਆਰਥਣ ਦੀਕਸ਼ਾ ਨੇ ਲੇਖ ਲਿਖਣ ਪ੍ਰਤੀਯੋਗਤਾ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ ਜਦਕਿ ਪਵਨਦੀਪ ਕੌਰ ਨੇ ਪਰਾਂਦਾ ਬਣਾਉਣ ਵਿਚ ਦੂਜਾ ਸਥਾਨ ਅਤੇ ਰਜਿੰਦਰ ਸਿੰਘ ਨੇ ਤਬਲਾ ਵਾਦਨ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ | ਇਸ ਤੋਂ ਇਲਾਵਾ ਗਰੁੱਪ ਆਈਟਮ ਇੰਸਟਾਲੇਸ਼ਨ ਵਿਚ ਆਂਚਲ, ਗੁਰਪ੍ਰੀਤ ਕੌਰ, ਮਨਪ੍ਰੀਤ ਕੌਰ ਅਤੇ ਰਵਿੰਦਰ ਪਾਲ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਕਾਲਜ ਚੇਅਰਮੈਨ ਸਰਦਾਰ ਦਲਜੀਤ ਸਿੰਘ ਸੰਧੂ, ਸੈਕਟਰੀ ਬਲਕਰਨ ਸਿੰਘ ਬਰਾੜ, ਸਮੂਹ ਕਮੇਟੀ ਮੈਂਬਰਾਂ ਅਤੇ ਪਿ੍ੰਸੀਪਲ ਨੇ ਕਾਲਜ ਯੂਥ ਵੈੱਲਫੇਅਰ ਕਲੱਬ ਦੇ ਇੰਚਾਰਜ ਅਤੇ ਵਿਦਿਆਰਥੀਆਂ ਨੂੰ ਇਸ ਜਿੱਤ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਆਸ ਵੀ ਕੀਤੀ |