ਫ਼ਾਜ਼ਿਲਕਾ, 4 ਨਵੰਬਰ (ਅਮਰਜੀਤ ਸ਼ਰਮਾ)-ਕੋਂਫੀ ਇੰਟਰਨੈਸ਼ਨਲ ਕਾਨਵੈਂਟ ਸਕੂਲ ਵਲੋਂ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਵਿਚ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਜਿਸ ਵਿਚ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਟਾਫ਼ ਮੈਂਬਰਾਂ ਨੇ ਹਿੱਸਾ ਲਿਆ | ਸਕੂਲ ਦੇ ਪਿ੍ੰਸੀਪਲ ਡਾ. ਸ਼ੀਨਮ ਨਾਗਪਾਲ ਦੀ ਅਗਵਾਈ ਹੇਠ ਆਯੋਜਿਤ ਕੀਤੇ ਗਏ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਕੂਲ ਦੇ ਚੇਅਰਮੈਨ ਗੌਰਵ ਝੀਂਝਾ ਅਤੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਸਰਿਤਾ ਝੀਂਝਾ ਰਹੇ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਜੁੜੀਆਂ ਸਿੱਖਿਆਵਾਂ ਨੂੰ ਯਾਦ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ, ਸਮਾਨਤਾ ਅਤੇ ਸੇਵਾ ਦਾ ਸੰਦੇਸ਼ ਦਿੱਤਾ ਸੀ, ਜੋ ਅੱਜ ਵੀ ਸਾਡੇ ਜੀਵਨ ਲਈ ਪ੍ਰੇਰਨਾ ਸਰੋਤ ਹੈ | ਸੁਖਮਨੀ ਸਾਹਿਬ ਦੇ ਪਾਠ ਤੋਂ ਬਾਅਦ ਰਾਗੀ ਜਥੇ ਵਲੋਂ ਕੀਰਤਨ ਕੀਤਾ ਗਿਆ | ਪ੍ਰੋਗਰਾਮ ਦੀ ਸਮਾਪਤੀ 'ਤੇ ਸਾਰਿਆਂ ਨੇ ਸ਼ਰਧਾਪੂਰਵਕ ਲੰਗਰ ਦਾ ਪ੍ਰਸ਼ਾਦ ਗ੍ਰਹਿਣ ਕੀਤਾ | ਪਿ੍ੰਸੀਪਲ ਡਾ. ਸ਼ੀਨਮ ਨਾਗਪਾਲ ਨੇ ਸਾਰੇ ਹਾਜ਼ਰ ਮਹਿਮਾਨਾਂ, ਮਾਪਿਆਂ ਅਤੇ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਸਾਨੂੰ ਸੱਚਾਈ, ਮਿਹਨਤ ਅਤੇ ਇਮਾਨਦਾਰੀ ਦੇ ਰਾਹ 'ਤੇ ਚੱਲਣ ਦੀ ਪ੍ਰੇਰਨਾ ਦਿੰਦੇ ਹਨ | ਉਨ੍ਹਾਂ ਨੇ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਬੱਚਿਆਂ ਵਿਚ ਸੰਸਕਾਰ ਅਤੇ ਭਗਤੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ |