ਫ਼ਾਜ਼ਿਲਕਾ, 4 ਨਵੰਬਰ (ਦਵਿੰਦਰ ਪਾਲ ਸਿੰਘ)-ਪਾਵਰ ਕਾਰਪੋਰੇਸ਼ਨ ਅਤੇ ਟਰਾਂਸਮਿਸ਼ਨ ਲਿਮਟਿਡ ਨਾਲ ਸਬੰਧਿਤ ਪੈਨਸ਼ਨਰਜ਼ ਐਸੋਸੀਏਸ਼ਨ ਫ਼ਾਜ਼ਿਲਕਾ ਦੇ ਸੀਨੀਅਰ ਮੀਤ ਪ੍ਰਧਾਨ ਬਰਜਿੰਦਰ ਕੁਮਾਰ, ਮੀਤ ਪ੍ਰਧਾਨ ਭਜਨ ਲਾਲ, ਜਥੇਬੰਦਕ ਸਕੱਤਰ ਬਲ ਰਾਮ, ਮੰਡਲ ਸਕੱਤਰ ਵਸਾਵਾਂ ਰਾਮ ਵਲੋਂ ਪੈੱ੍ਰਸ ਨੂੰ ਜਾਰੀ ਇਕ ਪੈੱ੍ਰਸ ਨੋਟ 'ਚ ਦੱਸਿਆ ਗਿਆ ਕਿ ਬਿਜਲੀ ਸੋਧ ਬਿੱਲ 2025 ਕੇਂਦਰ ਸਰਕਾਰ ਵਲੋਂ ਖਰੜਾ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜਿਆ ਹੈ | ਉਨ੍ਹਾਂ ਕਿਹਾ ਕਿ ਜੇਕਰ ਇਹ ਬਿੱਲ ਪਾਰਲੀਮੈਂਟ 'ਚ ਪਾਸ ਹੋ ਜਾਂਦਾ ਹੈ ਤਾਂ ਜੋ ਬਿਜਲੀ ਲੋਕਾਂ ਨੂੰ ਸਬਸਿਡੀ 'ਤੇ ਦਿੱਤੀ ਜਾ ਰਹੀ ਹੈ ਉਹ ਖ਼ਤਮ ਹੋ ਜਾਵੇਗੀ | ਮੁਫ਼ਤ ਬਿਜਲੀ ਦੀ ਥਾਂ ਖੇਤੀ ਟਿਊਬਵੈੱਲਾਂ 'ਤੇ ਮੀਟਰ ਲੱਗ ਜਾਣਗੇ | ਉਨ੍ਹਾਂ ਕਿਹਾ ਕਿ ਪਾਵਰ ਕਾਮ ਵਲੋਂ ਜੋ ਸਮਾਰਟ ਮੀਟਰ ਲਗਾਏ ਜਾ ਰਹੇ ਹਨ ਉਹ ਇਸ ਦਾ ਪਹਿਲਾ ਕਦਮ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪਾਵਰ ਕਾਮ ਨੂੰ ਕਾਰਪੋਰੇਟ ਘਰਾਨਿਆਂ ਕੋਲ ਕੋਡੀਆਂ ਦੇ ਭਾਅ ਵੇਚ ਦੇਵੇਗੀ | ਇਸ ਤੋਂ ਇਲਾਵਾ ਪਾਵਰ ਕਾਮ ਦੀ ਜ਼ਮੀਨ ਜਿਵੇਂ ਗੁਰੂ ਨਾਨਕ ਥਰਮਲ ਪਲਾਂਟ ਬਠਿੰਡਾ ਦੀ 1786 ਏਕੜ ਕਾਰਪੋਰੇਟ ਘਰਾਨਿਆਂ ਨੂੰ ਕੋਡੀਆਂ ਭਾਅ ਵੇਚਣਾ ਚਾਹੁੰਦੀ ਹੈ | ਉਨ੍ਹਾਂ ਦੱਸਿਆ ਕਿ ਮੰਡਲ ਫ਼ਾਜ਼ਿਲਕਾ ਅੱਗੇ 6 ਨਵੰਬਰ ਨੂੰ ਕੇਂਦਰ ਸਰਕਾਰ ਦਾ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਜਾਵੇਗਾ | ਜੇਕਰ ਫਿਰ ਵੀ ਸਰਕਾਰ ਅੜੀ ਰਹੀ ਤਾਂ ਹੋਰ ਜਥੇਬੰਦੀਆਂ ਨਾਲ ਮਿਲ ਕੇ ਲੰਮੀ ਲੜਾਈ ਲੜੀ ਜਾਵੇਗੀ |