ਅਬੋਹਰ, 18 ਦਸੰਬਰ (ਤੇਜਿੰਦਰ ਸਿੰਘ ਖ਼ਾਲਸਾ) ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਅਬੋਹਰ ਦੇ ਵਕੀਲਾਂ ਦੀ ਸੁਰੱਖਿਆ ਲਈ ਇਕ ਹਫ਼ਤੇ ਅੰਦਰ ਲੋੜੀਂਦੇ ਸੁਰੱਖਿਆ ਪ੍ਰਬੰਧ ਕਰਨ ਲਈ ਜ਼ਿਲ੍ਹਾ ਫ਼ਾਜ਼ਿਲਕਾ ਦੇ ਪੁਲਿਸ ਮੁਖੀ ਨੂੰ ਆਦੇਸ਼ ਜਾਰੀ ਕੀਤੇ ਹਨ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਟੀਸ਼ਨ ਕਰਤਾ ਅੰਮਿ੍ਤਪਾਲ ਸਿੰਘ ਤਿੰਨਾ ਸਕੱਤਰ ਬਾਰ ਐਸੋਸੀਏਸ਼ਨ ਅਬੋਹਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਅਬੋਹਰ ਦੇ ਵਕੀਲਾਂ ਵਲੋਂ ਸਾਂਝੇ ਤੌਰ ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਾਮਵਰ ਵਕੀਲ ਸੁਰਿੰਦਰ ਪਾਲ ਸਿੰਘ ਤਿੰਨਾ ਮਾਰਫ਼ਤ ਇਕ ਜਨ ਹਿਤ ਰਿੱਟ ਪਟੀਸ਼ਨ ਵਕੀਲਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਦਾਖਲ ਕੀਤੀ ਸੀ | ਜਿਸ ਤਹਿਤ ਮਾਨਯੋਗ ਹਾਈਕੋਰਟ ਵਲੋਂ ਫ਼ੈਸਲਾ ਦਿੰਦੇ ਹੋਏ ਜ਼ਿਲ੍ਹਾ ਫ਼ਾਜ਼ਿਲਕਾ ਪੁਲਿਸ ਮੁਖੀ ਨੂੰ ਇਕ ਹਫ਼ਤੇ ਦੇ ਅੰਦਰ ਅਬੋਹਰ ਦੇ ਕੋਰਟ ਕੰਪਲੈਕਸ ਵਿਚ ਵਕੀਲਾਂ ਦੀ ਸੁਰੱਖਿਆ ਸੰਬੰਧੀ ਲੋੜੀਂਦੇ ਪ੍ਰਬੰਧ ਕੀਤੇ ਜਾਣ ਦੇ ਆਦੇਸ਼ ਜਾਰੀ ਕੀਤੇ ਹਨ | ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਅਬੋਹਰ ਤਹਿਸੀਲ ਕੰਪਲੈਕਸ ਵਿਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ | ਜਿਸ ਉਪਰੰਤ ਵਕੀਲਾਂ ਦੀ ਸੁਰੱਖਿਆ ਪ੍ਰਬੰਧਾਂ ਸੰਬੰਧੀ ਲਗਾਤਾਰ ਸਵਾਲੀਆ ਚਿੰਨ੍ਹ ਲਗਾਏ ਜਾ ਰਹੇ ਸਨ | ਇਸ ਮੌਕੇ ਸਕੱਤਰ ਅੰਮਿ੍ਤਪਾਲ ਸਿੰਘ ਤਿੰਨਾ, ਆਨੰਦ ਕੁਮਾਰ ਗੁਪਤਾ, ਸਿੰਕਦਰ ਕਪੂਰ, ਸੰਦੀਪ ਬਜਾਜ, ਪ੍ਰਕਾਸ਼ ਮੱਕੜ, ਚਾਂਦ ਕੁਮਾਰ ਪਹਿਲਾਵਤ ਪ੍ਰਵੇਸ਼ ਧੀਂਗੜਾ, ਗੌਰਵ ਧੂੜੀਆ, ਸੁਨੀਲ ਮਹਿਰਾ, ਮੁਕੇਸ਼ ਲੱਕੀ, ਗੌਰਵ ਬਜਾਜ, ਪ੍ਰਗਟ ਸਿੰਘ ਆਦਿ ਵਕੀਲ ਹਾਜ਼ਰ ਸਨ |