ਫ਼ਾਜ਼ਿਲਕਾ,19 ਦਸੰਬਰ (ਦਵਿੰਦਰ ਪਾਲ ਸਿੰਘ) ਵਿੱਦਿਅਕ ਅਦਾਰਿਆਂ ਵਿਚ ਡਬਲ ਵਜ਼ੀਫ਼ਾ ਭਰਨ ਲਈ ਉਸਾਰੀ ਕਿਰਤੀ ਲਾਭਪਾਤਰੀਆਂ ਦੇ ਵਿਦਿਆਰਥੀ ਬੱਚਿਆਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਾਜ਼ਿਲਕਾ ਵਲੋਂ ਅਜੇ ਤੱਕ ਪੱਤਰ ਨਾ ਜਾਰੀ ਹੋਣ ਕਰਕੇ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦੁਬਾਰਾ ਪੱਤਰ ਜਾਰੀ ਕਰਵਾਉਣ ਲਈ ਜ਼ਿਲ੍ਹਾ ਫ਼ਾਜ਼ਿਲਕਾ ਦੇ ਅਸਿਸਟੈਂਟ ਲੇਬਰ ਕਮਿਸ਼ਨਰ (ਏ.ਐਲ.ਸੀ) ਗੁਰਪ੍ਰੀਤ ਸਿੰਘ ਨੂੰ ਕੰਸਟਰੱਕਸ਼ਨ ਵਰਕਰ ਐਂਡ ਲੇਬਰ ਯੂਨੀਅਨ (ਰਜਿ:) ਏਟਕ ਵਲੋਂ ਮੰਗ ਪੱਤਰ ਸੌਂਪਿਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸੂਬਾਈ ਮੀਤ ਸਕੱਤਰ ਐਡਵੋਕੇਟ ਪਰਮਜੀਤ ਢਾਬਾਂ, ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਘੁਬਾਇਆ, ਬਲਾਕ ਜਲਾਲਾਬਾਦ ਦੇ ਸਕੱਤਰ ਸੋਨਾ ਧੁਨਕੀਆਂ, ਮੀਤ ਸਕੱਤਰ ਸਕੱਤਰ ਧਰਮਿੰਦਰ ਮੁਰਕ ਵਾਲਾ,ਯੂਥ ਕਲੱਬ ਖੀਵਾ ਦੇ ਪ੍ਰਧਾਨ ਰਾਜ ਸਿੰਘ ਚੱਕ ਖੀਵਾ ਅਤੇ ਮੰਗਤ ਸੋਹਣਾ ਸਾਂਦੜ ਨੇ ਦੱਸਿਆ ਕਿ ਕਰੀਬ ਛੇ ਮਹੀਨੇ ਤੋਂ ਵੱਧ ਸਮਾਂ ਹੋ ਚੁੱਕਿਆ ਹੈ ਜਦੋਂ ਏ.ਐਲ.ਸੀ ਨੂੰ ਡਬਲ ਵਜ਼ੀਫ਼ਾ ਭਰਨ ਸਬੰਧੀ ਵਿੱਦਿਅਕ ਅਦਾਰਿਆਂ ਨੂੰ ਪੱਤਰ ਜਾਰੀ ਕਰਨ ਸਬੰਧੀ ਮੰਗ ਪੱਤਰ ਦਿੱਤਾ ਗਿਆ ਸੀ ਅਤੇ ਉਸੇ ਵਕਤ ਤੁਰੰਤ ਪੱਤਰ ਜਾਰੀ ਕਰਦਿਆਂ ਏ.ਐਲ.ਸੀ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪੱਤਰ ਜਾਰੀ ਕੀਤਾ ਗਿਆ ਸੀ, ਪ੍ਰੰਤੂ ਛੇ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵੱਲੋਂ ਜ਼ਿਲ੍ਹੇ ਦੇ ਅੱਜ ਵੀ ਕੁੱਝ ਵਿੱਦਿਅਕ ਅਦਾਰਿਆਂ ਵਿਚ ਅਜੇ ਤੱਕ ਉਸਾਰੀ ਕਿਰਤੀ ਲਾਭਪਾਤਰੀਆਂ ਦੇ ਬੱਚੇ ਡਬਲ ਵਜ਼ੀਫ਼ਾ ਭਰ ਸਕਦੇ ਹਨ, ਸਬੰਧੀ ਪੱਤਰ ਨਹੀਂ ਭੇਜਿਆ ਗਿਆ | ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰ ਦੀ ਕਾਰਗੁਜ਼ਾਰੀ ਕਿੰਨੇ ਵੱਡੇ ਪੱਧਰ ਤੇ ਉਸਾਰੀ ਕਿਰਤੀਆਂ ਨਾਲ ਧੱਕਾ ਕਰਨ ਤੱਕ ਉੱਤਰੀ ਹੋਈ ਹੈ | ਇਸ ਨਾਲ ਸੈਂਕੜੇ ਨਹੀਂ ਹਜ਼ਾਰਾਂ ਵਿਦਿਆਰਥੀਆਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ, ਜਿਸ ਖ਼ਿਲਾਫ਼ ਯੂਨੀਅਨ ਵੱਲੋਂ ਸਖ਼ਤ ਐਕਸ਼ਨ ਲਿਆ ਜਾਵੇਗਾ | ਸਾਥੀ ਢਾਬਾਂ ਅਤੇ ਸਾਥੀ ਘੁਬਾਇਆ ਨੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹ ਇਸ ਪੱਤਰ ਨੂੰ ਤੁਰੰਤ ਵਿੱਦਿਅਕ ਅਦਾਰਿਆਂ ਲਈ ਜਾਰੀ ਨਾ ਕਰਨਗੇ, ਤਾਂ ਉਨ੍ਹਾਂ ਖ਼ਿਲਾਫ਼ ਭਵਿੱਖ ਵਿਚ ਸਖ਼ਤ ਸੰਘਰਸ਼ ਵਿੱਢਿਆ ਜਾਵੇਗਾ | ਉਸਾਰੀ ਕਿਰਤੀ ਲਾਭਪਾਤਰੀਆਂ ਦੇ ਹੋਏ ਆਰਥਿਕ ਨੁਕਸਾਨ ਦੀ ਭਰਪਾਈ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਤੋਂ ਕਰਵਾਈ ਜਾਵੇਗੀ | ਅਖੀਰ ਵਿਚ ਉਨ੍ਹਾਂ ਅਸਿਸਟੈਂਟ ਲੇਬਰ ਕਮਿਸ਼ਨਰ ਗੁਰਪ੍ਰੀਤ ਸਿੰਘ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਤੁਰੰਤ ਦੁਬਾਰਾ ਰਮਾਇੰਡਰ ਪੱਤਰ ਜਾਰੀ ਕਰਨ ਸਬੰਧੀ ਆਪਣੇ ਕਰਮਚਾਰੀਆਂ ਨੂੰ ਹਦਾਇਤ ਕਰ ਦਿੱਤੀ ਗਈ ਹੈ |