ਫ਼ਾਜ਼ਿਲਕਾ, 19 ਦਸੰਬਰ (ਦਵਿੰਦਰ ਪਾਲ ਸਿੰਘ)-ਭਾਜਪਾ ਜ਼ਿਲ੍ਹਾ ਫ਼ਾਜ਼ਿਲਕਾ ਵਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਵੋਟਾਂ ਦੀ ਗਿਣਤੀ ਸਮੇਂ ਹੇਰਾਫੇਰੀ ਕਰਨ ਦੇ ਦੋਸ਼ ਲਗਾਉਂਦਿਆਂ ਜ਼ਿਲ੍ਹਾ ਸਕੱਤਰੇਤ ਮੂਹਰੇ ਰੋਸ ਧਰਨਾ ਦਿੱਤਾ | ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਪੰਜਾਬ ਸੁਰਜੀਤ ਕੁਮਾਰ ਜਿਆਣੀ ਨੇ ਦੋਸ਼ ਲਗਾਇਆ ਕਿ ਸੱਤਾਧਾਰੀਆਂ ਨੇ ਲੋਕਤੰਤਰ ਦੀਆਂ ਧੱਜੀਆਂ ਉਡਾਉਂਦਿਆਂ ਵੋਟਰਾਂ ਕੋਲੋਂ ਉਨ੍ਹਾਂ ਦਾ ਹੱਕ ਖੋਹਿਆ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਸ਼ਰੇਆਮ ਵੋਟਾਂ ਸਮੇਂ ਅਤੇ ਗਿਣਤੀ ਸਮੇਂ ਸੱਤਾਧਾਰੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲ ਕੇ ਵੱਡੀ ਪੱਧਰ 'ਤੇ ਘਪਲੇਬਾਜ਼ੀ ਕੀਤੀ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਸਮੇਂ ਜਿਨ੍ਹਾਂ ਨੇ ਵੀ ਵੋਟਰਾਂ ਕੋਲੋਂ ਵੋਟਾਂ ਦਾ ਹੱਕ ਖੋਹਿਆ ਉਹ ਮੁੜ ਕੇ ਸੱਤਾ ਵਿਚ ਕਾਮਯਾਬ ਨਹੀਂ ਹੋ ਸਕੇ | ਉਨ੍ਹਾਂ ਕਿਹਾ ਕਿ ਵੋਟ ਦੀ ਖ਼ਾਤਰ ਸਾਡੇ ਸ਼ਹੀਦਾਂ ਨੇ ਆਪਣਾ ਖ਼ੂਨ ਡੋਲਿ੍ਹਆ, ਦੀਆਂ ਆਤਮਾਵਾਂ ਅੱਜ ਕੀ ਕਹਿੰਦੀਆਂ ਹੋਣਗੀਆਂ | ਉਨ੍ਹਾਂ ਕਿਹਾ ਕਿ ਉਹ 15 ਸਾਲ ਸੱਤਾ ਵਿਚ ਰਹੇ ਹਨ ਪਰ ਕਦੇ ਧੱਕਾ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਰੱਬ ਦੀ ਮਾਰ ਤੋਂ ਬੰਦੇ ਨੂੰ ਡਰਨਾ ਚਾਹੀਦਾ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਕਿਹਾ ਕਿ ਇਨ੍ਹਾਂ ਚੋਣਾਂ ਨੂੰ ਲੈ ਕੇ ਭਾਜਪਾ ਹਾਈਕੋਰਟ ਦਾ ਰੁੱਖ ਕਰੇਗੀ | ਉਨ੍ਹਾਂ ਕਿਹਾ ਕਿ ਜੇ ਪ੍ਰਸ਼ਾਸਨ ਨੇ ਹੇਰਾਫੇਰੀ ਨਹੀਂ ਕੀਤੀ ਤਾਂ ਗਿਣਤੀ ਕੇਂਦਰਾਂ ਦੇ ਕੈਮਰਿਆਂ ਦੀ ਫੁਟੇਜ਼ ਸਾਨੂੰ ਦਿੱਤੀ ਜਾਵੇ | ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਜਿਆਣੀ ਨੇ ਕਿਹਾ ਕਿ ਸ਼ਰੇਆਮ ਪੁਲਿਸ ਨੇ ਧੱਕਾ ਕੀਤਾ ਹੈ | ਉਨ੍ਹਾਂ ਦੇ ਬੰਦਿਆਂ ਨੂੰ ਗਿਣਤੀ ਕੇਂਦਰਾਂ ਵਿਚ ਬਾਹਰ ਕੱਢ ਦਿੱਤਾ ਗਿਆ | ਗਿਣਤੀ ਦਾ ਕੰਮ ਦੇਰ ਰਾਤ ਤੱਕ ਚਲਾਈ ਰੱਖਿਆ ਤਾਂ ਜੋ ਉਹ ਹੇਰਾਫੇਰੀ ਕਰ ਸਕਣ | ਇਸ ਮੌਕੇ 'ਤੇ ਫ਼ਾਜ਼ਿਲਕਾ ਭਾਜਪਾ ਪ੍ਰਧਾਨ ਰਮੇਸ਼ ਕਟਾਰੀਆ, ਸੁਬੋਧ ਵਰਮਾ, ਰਾਕੇਸ਼ ਧੂੜੀਆ, ਵੰਦਨਾ ਸਾਂਗਵਾਲ, ਅਸ਼ੋਕ ਜੈਰਥ, ਰਾਕੇਸ਼ ਸਹਿਗਲ, ਸੁਸ਼ੀਲ ਸਿਆਗ, ਐਡਵੋਕੇਟ ਪ੍ਰਵੀਨ ਧੰਜੂ, ਅਸ਼ਵਨੀ ਫੁਟੇਲਾ, ਖੂਈ ਖੇੜਾ ਜ਼ੋਨ ਤੋਂ ਪੂਜਾ, ਪਰਮਜੀਤ ਸ਼ੇਰਾ ਆਦਿ ਵਰਕਰ ਹਾਜ਼ਰ ਸਨ |