ਅਬੋਹਰ, 22 ਦਸੰਬਰ (ਸੁਖਜੀਤ ਸਿੰਘ ਬਰਾੜ)-ਸਥਾਨਕ ਸੇਂਟ ਅਲਫੋਸਾ ਕਾਨਵੈਂਟ ਸਕੂਲ ਦੇ ਵਿਹੜੇ 'ਚ ਕਰਵਾਇਆ ਗਿਆ ਸਕੂਲ ਦਾ ਸਾਲਾਨਾ ਸਮਾਰੋਹ ਯਾਦਗਾਰੀ ਹੋ ਨਿੱਬੜਿਆ | ਇਸ ਮੌਕੇ ਸਮਾਜਸੇਵੀ ਅਤੇ ਰੇਵਨਹੁੱਡ ਸਕੂਲ ਦੇ ਡਾਇਰੈਕਟਰ ਰੋਹਿਤ ਵਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਕੂਲ ਦੇ ਵਾਈਸ ਪਿ੍ੰਸੀਪਲ ਆਸਾ ਜੀਜੋਆ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ | ਸਕੂਲ ਦੇ ਰੰਗਾਰੰਗ ਸਮਾਰੋਹ ਦੀ ਸ਼ੁਰੂਆਤ ਪ੍ਰਾਰਥਨਾ ਨਾਲ ਹੋਈ | ਇਸ ਤੋਂ ਉਪਰੰਤ ਵਿਦਿਆਰਥੀਆਂ ਵਲੋਂ ਭਾਰਤ ਨਾਟਿਅਮ , ਹਰਿਆਣਵੀ ਨਾਚ, ਰਾਜਸਥਾਨੀ ਨਾਚ, ਹੂਲਾ ਹੂਪ, ਮਲਿਆਸਮ ਗੀਤ, ਗਿੱਧਾ, ਭੰਗੜਾ ਆਦਿ ਪੇਸ਼ਕਾਰੀਆਂ ਪੇਸ਼ ਕਰ ਖ਼ੂਬ ਰੰਗ ਬੰਨੇ ਗਏ | ਸਕੂਲ ਦੇ ਪਿ੍ੰਸੀਪਲ ਜੋਜੀਆ ਆਗਸਟਿਨ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਨੂੰ ਇਹ ਸਮਾਰੋਹ ਆਯੋਜਿਤ ਕਰਨ 'ਤੇ ਵਧਾਈ ਦਿੱਤੀ | ਸਮਾਪਤੀ 'ਤੇ ਮੁੱਖ ਮਹਿਮਾਨ ਸਮਾਜਸੇਵੀ ਰੋਹਿਤ ਵਰਮਾ ਵਲੋਂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਭੇਟ ਕਰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਿਸ਼ੇਸ਼ ਮਹਿਮਾਨ ਸ੍ਰੀਮਤੀ ਨੀਲਮ ਸਿਡਾਨਾ, ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |