ਫ਼ਾਜ਼ਿਲਕਾ, 26 ਦਸੰਬਰ (ਦਵਿੰਦਰ ਪਾਲ ਸਿੰਘ)-ਮਾਤਾ ਗੁਜ਼ਰ ਕੌਰ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਮਾਤਾ ਗੁਜਰੀ ਸੁਖਮਨੀ ਸੇਵਾ ਸੁਸਾਇਟੀ ਵਲੋਂ ਕਰਵਾਏ ਗਏ ਮਹਾਨ ਕੀਰਤਨ ਦਰਬਾਰ ਅੰਦਰ ਭਾਰੀ ਗਿਣਤੀ ਵਿਚ ਸੰਗਤਾਂ ਸ਼ਿਰਕਤ ਕਰਦਿਆਂ ਸ਼ਹੀਦਾਂ ਨੂੰ ਨਤਮਸਤਕ ਹੋਈਆਂ | ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਭਾਈ ਜਸਪ੍ਰੀਤ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਦੀ ਵਰਖਾ ਕੀਤੀ | ਇਸ ਉਪਰੰਤ ਹਜ਼ੂਰੀ ਕਥਾ ਵਾਚਕ ਭਾਈ ਹਰਸਿਮਰਨਜੀਤ ਸਿੰਘ ਨੇ ਮਾਤਾ ਗੁਜ਼ਰੀ, ਚਾਰ ਸਾਹਿਬਜ਼ਾਦਿਆਂ ਅਤੇ ਹੋਰ ਸਿੰਘਾਂ ਦੀ ਹੋਈ ਸ਼ਹਾਦਤ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਕਿ ਕਿਸ ਤਰ੍ਹਾਂ ਦਸਮ ਪਿਤਾ ਨੇ ਆਪਣੇ ਪਿਤਾ ਦੀ ਸ਼ਹਾਦਤ ਤੋਂ ਬਾਅਦ ਅਨਿਆਂ ਅਤੇ ਜੁਰਮ ਦੇ ਖ਼ਿਲਾਫ਼ ਲੜਦਿਆਂ ਆਪਣਾ ਸਰਬੰਸ ਹੀ ਵਾਰ ਦਿੱਤਾ | ਇਸ ਉਪਰੰਤ ਬੀਬੀਆਂ ਦੇ ਪ੍ਰਸਿੱਧ ਬੀਬੀ ਤਿ੍ਪਤ ਕੌਰ ਦੇ ਜਥੇ ਨੇ ਸ਼ਬਦ 'ਤੇ ਕਵਿਤਾ ਗਾਇਣ ਕਰਦਿਆਂ ਸੰਗਤਾਂ ਨੂੰ ਸ਼ਹਾਦਤ ਬਾਰੇ ਜਾਣੂ ਕਰਵਾਇਆ | ਇਸ ਉਪਰੰਤ ਵਿਸ਼ੇਸ਼ ਤੌਰ 'ਤੇ ਪੁੱਜੇ ਭਾਈ ਗੁਰਦੇਵ ਸਿੰਘ ਆਸਟ੍ਰੇਲੀਆ ਵਾਲੇ ਦੇ ਜਥੇ ਨੇ ਗੁਰਬਾਣੀ ਦੀ ਅੰਮਿ੍ਤ ਵਰਖਾ ਕੀਤੀ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਦਵਿੰਦਰ ਸਿੰਘ ਨੇ ਬੀਬੀਆਂ ਦੇ ਜਥੇ ਵਲੋਂ ਕਰਵਾਏ ਇਸ ਪ੍ਰੋਗਰਾਮ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਸੁਸਾਇਟੀ ਨੇ ਪਿਛਲੇ ਇਕ ਮਹੀਨੇ ਤੋਂ ਸ਼ਹਿਰ ਦੇ ਅੰਦਰ ਸ਼ਹੀਦੀ ਯੱਗ ਸ਼ੁਰੂ ਕੀਤਾ ਹੋਇਆ ਹੈ | ਉਹ ਆਪਣੇ ਆਪ ਵਿਚ ਇਕ ਮਿਸਾਲ ਹੈ | ਉਨ੍ਹਾਂ ਗੁਰਦੁਆਰਾ ਕਮੇਟੀ ਵਲੋਂ ਮਾਤਾ ਗੁਜ਼ਰੀ ਸੁਖਮਨੀ ਸੇਵਾ ਸੁਸਾਇਟੀ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ | ਇਸ ਮੌਕੇ ਬੀਬੀ ਤਿ੍ਪਤ ਕੌਰ, ਬੀਬੀ ਸੁਰਿੰਦਰ ਕੌਰ, ਹਰਮਿੰਦਰ ਕੌਰ ਛਾਬੜਾ,ਬੀਬੀ ਗੁਰਮੀਤ ਕੌਰ, ਬੀਬੀ ਚਰਨਜੀਤ ਕੌਰ, ਬੀਬੀ ਜਸਬੀਰ ਕੌਰ, ਬੀਬੀ ਹਰਿੰਦਰ ਕੌਰ, ਬੀਬੀ ਪਰਮਜੀਤ ਕੌਰ, ਬੀਬੀ ਅਮਨਜੀਤ ਕੌਰ, ਬੀਬਾ ਸਿਰਮਨਪ੍ਰੀਤ ਕੌਰ, ਬੀਬੀ ਅਮਰਜੀਤ ਕੌਰ, ਬੀਬੀ ਵੀਨਾ ਸ਼ਾਹ, ਬੀਬੀ ਕੁਲਵਿੰਦਰ ਕੌਰ, ਬੀਬੀ ਚਾਹਤ ਸੇਠੀ, ਬੀਬੀ ਰਣਦੀਪ ਕੌਰ, ਬੀਬੀ ਗੁਰਪ੍ਰੀਤ ਕੌਰ, ਬੀਬੀ ਅਮਨਦੀਪ ਕੌਰ ਆਦਿ ਨੇ ਪੂਰਨ ਸੇਵਾ ਨਿਭਾਈ | ਸਮਾਪਤੀ ਉਪਰੰਤ ਗੁਰੂ ਦੇ ਲੰਗਰ ਅਤੁੱਟ ਵਰਤੇ |