ਫ਼ਾਜ਼ਿਲਕਾ, 26 ਦਸੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਪੁਲਿਸ ਵਲੋਂ ਐੱਸ.ਐੱਸ.ਪੀ. ਗੁਰਮੀਤ ਸਿੰਘ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ 2 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ | ਪੁਲਿਸ ਵਲੋਂ ਦੱਸਿਆ ਗਿਆ ਕਿ ਇੰਸਪੈਕਟਰ ਸੁਨੀਲ ਕੁਮਾਰ, ਇੰਚਾਰਜ ਸੀ.ਆਈ.ਏ ਫ਼ਾਜ਼ਿਲਕਾ ਦੀ ਨਿਗਰਾਨੀ ਹੇਠ ਏ.ਐੱਸ.ਆਈ. ਰਣਜੀਤ ਸਿੰਘ ਦੀ ਟੀਮ ਨੇ ਬੀ.ਐੱਸ.ਐਫ਼ ਨਾਲ ਸਾਂਝੀ ਕਾਰਵਾਈ ਕਰਦਿਆਂ 2 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਕੁੱਲ 1 ਕਿੱਲੋ 95 ਗਰਾਮ ਹੈਰੋਇਨ ਬਰਾਮਦ ਕਰਨ ਵਿਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ | ਪੁਲਿਸ ਵਲੋਂ ਦੱਸਿਆ ਗਿਆ ਕਿ 24 ਦਸੰਬਰ ਨੂੰ ਕਰੀਬ 9:20 ਵਜੇ ਸੀ.ਆਈ.ਏ. ਫ਼ਾਜ਼ਿਲਕਾ ਦੀ ਟੀਮ ਪਿੰਡ ਚੱਕ ਬਜੀਦਾ ਤੋਂ ਲਿੰਕ ਰੋਡ ਢਾਣੀ ਅਮੀਰ ਸਿੰਘ ਵੱਲ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਲਈ ਜਾ ਰਹੀ ਸੀ | ਇਸ ਦੌਰਾਨ ਇੰਸਪੈਕਟਰ ਸੰਦੀਪ ਮਲਿਕ, ਕੰਪਨੀ ਕਮਾਂਡਰ 65 ਬਟਾਲੀਅਨ ਬੀ.ਐੱਸ.ਐਫ਼ ਆਪਣੀ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੂੰ ਪੁਲਿਸ ਪਾਰਟੀ ਵਿਚ ਸ਼ਾਮਲ ਕੀਤਾ ਗਿਆ | ਚੈਕਿੰਗ ਦੌਰਾਨ ਰਸਤੇ ਵਿਚ ਦੋ ਨੌਜਵਾਨ ਪੈਦਲ ਆਉਂਦੇ ਦਿਖਾਈ ਦਿੱਤੇ | ਸ਼ੱਕ ਦੇ ਆਧਾਰ 'ਤੇ ਉਨ੍ਹਾਂ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਪਾਸੋਂ 535 ਗਰਾਮ ਹੈਰੋਇਨ ਬਰਾਮਦ ਹੋਈ | ਕਾਬੂ ਕੀਤੇ ਨੌਜਵਾਨਾਂ ਦੀ ਪਛਾਣ ਸੰਦੀਪ ਸਿੰਘ ਉਰਫ਼ ਨੈਬੂ ਪੁੱਤਰ ਮੁਖ਼ਤਿਆਰ ਸਿੰਘ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਰੀ ਪੁੱਤਰ ਹਰਭਜਨ ਸਿੰਘ, ਵਾਸੀਅਨ ਬਸਤੀ ਕੇਰਾਂ ਵਾਲੀ, ਥਾਣਾ ਸਦਰ ਜਲਾਲਾਬਾਦ ਵਜੋਂ ਹੋਈ | ਪੁਲਿਸ ਨੇ ਥਾਣਾ ਸਦਰ ਜਲਾਲਾਬਾਦ ਵਿਚ ਐਨ.ਡੀ.ਪੀ.ਐੱਸ. ਐਕਟ ਦੀਆਂ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਪਾਸੋਂ 560 ਗਰਾਮ ਹੈਰੋਇਨ, ਇਕ ਮੈਗਜ਼ੀਨ, ਇਕ ਰੌਂਦ ਜਿੰਦਾ 9 ਐਮ.ਐੱਮ ਅਤੇ ਦੋ ਮੋਬਾਈਲ ਫ਼ੋਨ ਹੋਰ ਬਰਾਮਦ ਕੀਤੇ ਗਏ | ਪੁਲਿਸ ਅਨੁਸਾਰ ਦੋਸ਼ੀਆਂ ਦੇ ਅਗਲੇ ਅਤੇ ਪਿਛਲੇ ਲਿੰਕਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਕੱਦਮੇ ਦੀ ਤਫ਼ਤੀਸ਼ ਜਾਰੀ ਹੈ | ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਸੰਦੀਪ ਸਿੰਘ ਉਰਫ਼ ਨੈਬੂ ਖ਼ਿਲਾਫ਼ ਪਹਿਲਾਂ ਮੁਕੱਦਮਾ ਨੰਬਰ 61 ਮਿਤੀ 27-01-2019 ਜੁਰਮ 304, 61(2) ਬੀ.ਐਨ.ਐੱਸ. ਥਾਣਾ ਸਦਰ ਜਲਾਲਾਬਾਦ ਵਿਚ ਦਰਜ ਹੈ |