ਮੱਖੂ, 27 ਦਸੰਬਰ (ਵਰਿੰਦਰ ਮਨਚੰਦਾ)-ਸਾਹਿਬਜ਼ਾਦਿਆਂ ਦੀ ਸ਼ਹਾਦਤ ਸਮੁੱਚੀ ਦੁਨੀਆ ਅੰਦਰ ਵੱਸਦੇ ਸਿੱਖਾਂ ਲਈ ਬਹੁਤ ਹੀ ਜਜ਼ਬੇ ਭਰਪੂਰ ਸੁਨੇਹਾ ਹੈ, ਕਿਉਂਕਿ ਸਾਹਿਬਜ਼ਾਦਿਆਂ ਨੇ ਸੱਤ ਤੇ 9 ਸਾਲ ਦੀ ਉਮਰ ਦੇ ਵਿਚ ਬਹੁਤ ਵੱਡੀ ਕੁਰਬਾਨੀ ਦਿੱਤੀ ਤੇ ਮਾਤਾ ਗੁਜਰ ਕੌਰ ਜੀ ਨੇ ਜੋ ਸਿੱਖਿਆਵਾਂ ਦਿੱਤੀਆਂ, ਉਨ੍ਹਾਂ ਨੇ ਸੂਬੇ ਦੀ ਕਚਹਿਰੀ ਵਿਚ ਜਾ ਕੇ ਜ਼ਾਲਮ ਨੂੰ ਲਲਕਾਰਿਆ, ਸੁੱਚਾ ਨੰਦ ਵਰਗੇ ਪਾਪੀ ਲੋਕਾਂ ਦੇ ਮੂੰਹ ਦੇ ਉੱਪਰ ਉਸ ਵੇਲੇ ਸਿੱਕਰੀ ਜੰਮ ਗਈ ਜਦੋਂ ਸਾਹਿਬਜ਼ਾਦਿਆਂ ਨੇ ਕਿਹਾ ਕਿ ਅਸੀਂ ਜਦੋਂ ਵੀ ਤੁਸੀਂ ਸਾਨੂੰ ਰਿਹਾ ਕਰੋਗੇ ਅਸੀਂ ਫਿਰ ਇਕੱਠੇ ਹੋਵਾਂਗੇ ਪੰਥ ਖ਼ਾਲਸੇ ਨੂੰ ਇਕ ਜਗ੍ਹਾ 'ਤੇ ਇਕੱਠੇ ਕਰਕੇ ਫਿਰ ਜ਼ੁਲਮ ਦੇ ਖ਼ਿਲਾਫ਼ ਲੜਾਂਗੇ, ਸੋ ਅਜਿਹੇ ਹਾਲਾਤਾਂ ਦੇ ਵਿਚ ਅੱਜ ਦੇ ਸਮੇਂ ਦੇ ਵਿਚ ਸਿਖ ਕੌਮ ਨੂੰ ਆਪਸੀ ਇਕਸੁਰਤਾ ਦੀ ਬੇਹੱਦ ਲੋੜ ਹੈ ਅਤੇ ਇੱਕ-ਦੂਜੇ ਉੱਪਰ ਦੂਸ਼ਣਬਾਜ਼ੀ ਕਰਨ ਦੀ ਬਜਾਏ ਪੰਥ ਖ਼ਾਲਸੇ ਦੀ ਚੜ੍ਹਦੀ ਕਲਾ ਵਾਸਤੇ ਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਆਪਸੀ ਇਕਸੁਰਤਾ ਦੀ ਬੇਹੱਦ ਲੋੜ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਮੁੱਖ ਬੁਲਾਰੇ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਰਦਿਆਂ ਕਿਹਾ ਕਿ ਖ਼ਾਲਸਾ ਪੰਥ ਅੰਦਰ ਜਦ ਵੀ ਏਕਤਾ ਹੋਈ ਹੈ ਤਾਂ ਹਮੇਸ਼ਾ ਪੰਥ ਖ਼ਾਲਸੇ ਦੀ ਹਰ ਮੈਦਾਨ ਚੜ੍ਹਦੀ ਕਲਾ ਹੋਈ ਹੈ ਤੇ ਜਦੋਂ-ਜਦੋਂ ਵੀ ਆਪਸੀ ਇਕਸੁਰਤਾ ਦੀ ਘਾਟ ਰਹੀ ਹੈ | ਉਸ ਵਕਤ ਦੁਸ਼ਮਣ ਨੇ ਸਿੱਖ ਕੌਮ ਦਾ ਬੇਹੱਦ ਨੁਕਸਾਨ ਕੀਤਾ ਹੈ | ਉਨ੍ਹਾਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ ਉਨ੍ਹਾਂ ਦੇ ਬੱਚਿਆਂ ਦੀਆਂ ਸ਼ਹਾਦਤਾਂ ਅÏਰ ਗੁਰੂ ਪਿਆਰੇ ਖ਼ਾਲਸਾ ਨੂੰ ਬਹੁਤ ਵੱਡਾ ਸੰਦੇਸ਼ ਦਿੰਦੀਆਂ ਹਨ ਕਿ ਅਸੀਂ ਜ਼ੁਲਮ ਦੇ ਖ਼ਿਲਾਫ਼ ਲੜਨਾ ਹੈ | ਕਰਨੈਲ ਸਿੰਘ ਪੀਰ ਮੁਹੰਮਦ ਨੇ ਮੌਜੂਦਾ ਕੇਂਦਰ ਦੀ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਸਿੱਖ ਕੌਮ ਦੇ ਨਾਲ ਟਕਰਾਅ ਦਾ ਰਸਤਾ ਅਪਣਾਉਣ ਦੀ ਜਗ੍ਹਾ ਸਿੱਖ ਕੌਮ ਦੀਆਂ ਕੁਰਬਾਨੀਆਂ, ਗੁਰੂ ਸਾਹਿਬਾਨ ਦੀਆਂ ਵੱਡੀਆਂ ਕੁਰਬਾਨੀਆਂ ਨੂੰ ਮੁੱਖ ਰੱਖ ਕੇ ਸਿੱਖ ਕੌਮ ਦੀਆਂ ਜੋ ਜਾਇਜ਼ ਮੰਗਾਂ ਨੇ ਉਨ੍ਹਾਂ ਨੂੰ ਤੁਰੰਤ ਪ੍ਰਵਾਨ ਕੀਤਾ ਜਾਵੇ |