ਫ਼ਾਜ਼ਿਲਕਾ, 27 ਦਸੰਬਰ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਨੇ ਨਗਰ ਕੌਂਸਲ ਫ਼ਾਜ਼ਿਲਕਾ ਦੀਆਂ ਚੋਣਾਂ ਦੇ ਮੱਦੇਨਜ਼ਰ ਵਾਰਡਾਂ ਦੀ ਨਵੀਂ ਹਲਕਾਬੰਦੀ ਦਾ ਖਰੜਾ ਤਿਆਰ ਕਰਕੇ ਅਧਿਸੂਚਨਾ ਜਾਰੀ ਕਰ ਦਿੱਤੀ ਹੈ | ਪੰਜਾਬ ਦੇ ਰਾਜਪਾਲ ਦੇ ਹੁਕਮਾਂ ਅਨੁਸਾਰ ਜਾਰੀ ਇਸ ਡਰਾਫ਼ਟ ਨੋਟੀਫ਼ਿਕੇਸ਼ਨ ਤੋਂ ਬਾਅਦ ਸ਼ਹਿਰ ਦੀ ਰਾਜਨੀਤੀ ਵਿਚ ਹਲਚਲ ਤੇਜ਼ ਹੋ ਗਈ ਹੈ | ਪ੍ਰਸ਼ਾਸਨ ਨੇ ਸਪਸ਼ਟ ਕੀਤਾ ਹੈ ਕਿ ਇਸ ਨਵੀਂ ਵਾਰਡਬੰਦੀ ਤੋਂ ਪ੍ਰਭਾਵਿਤ ਹੋਣ ਵਾਲਾ ਕੋਈ ਵੀ ਨਾਗਰਿਕ ਅਧਿਸੂਚਨਾ ਜਾਰੀ ਹੋਣ ਦੇ 7 ਦਿਨਾਂ ਦੇ ਅੰਦਰ ਆਪਣੀਆਂ ਲਿਖਤੀ ਇਤਰਾਜ਼ ਜਾਂ ਸੁਝਾਅ ਨਗਰ ਕੌਂਸਲ ਦਫ਼ਤਰ ਵਿਚ ਜਮਾਂ ਕਰਵਾ ਸਕਦਾ ਹੈ | ਫ਼ਾਜ਼ਿਲਕਾ ਨਗਰ ਕੌਂਸਲ ਦੇ ਕੁੱਲ 25 ਵਾਰਡਾਂ ਦੀਆਂ ਹੱਦਾਂ ਦਾ ਨਵੇਂ ਸਿਰੇ ਤੋਂ ਨਿਰਧਾਰਨ ਕੀਤਾ ਗਿਆ ਹੈ | ਵਾਰਡ ਨੰਬਰ 1 ਮਹਿਲਾ ਸ਼੍ਰੇਣੀ ਲਈ ਰਾਖਵਾਂ ਕੀਤਾ ਗਿਆ ਹੈ, ਜਿਸ ਦੀ ਹੱਦ ਬਿਰਧ ਆਸ਼ਰਮ ਰੋਡ, ਝੂਲੇ ਲਾਲ ਚੌਂਕ ਅਤੇ ਸਲੇਮ ਸ਼ਾਹ ਰੋਡ ਤੱਕ ਫੈਲੀ ਹੋਈ ਹੈ | ਵਾਰਡ ਨੰਬਰ 2 ਜਨਰਲ ਸ਼੍ਰੇਣੀ ਲਈ ਹੈ | ਜਿਸ ਵਿਚ ਮਹਾਜਨ ਮਾਰਕੀਟ ਅਤੇ ਸ਼ਹੀਦ ਊਧਮ ਸਿੰਘ ਚੌਂਕ ਦਾ ਇਲਾਕਾ ਸ਼ਾਮਲ ਹੈ | ਵਾਰਡ ਨੰਬਰ 3 ਅਨੁਸੂਚਿਤ ਜਾਤੀ ਮਹਿਲਾ ਲਈ ਸੁਰੱਖਿਅਤ ਹੈ, ਜੋ ਫ਼ਿਰੋਜ਼ਪੁਰ ਰੋਡ ਤੋਂ ਸ਼ੁਰੂ ਹੋ ਕੇ ਦਾਣਾ ਮੰਡੀ ਅਤੇ ਫਲਾਈਓਵਰ ਤੱਕ ਜਾਂਦਾ ਹੈ | ਵਾਰਡ ਨੰਬਰ 4 ਅਨੁਸੂਚਿਤ ਜਾਤੀ ਲਈ ਰਾਖਵਾਂ ਹੈ, ਜਿਸ ਵਿਚ ਅਬੋਹਰ ਰੋਡ ਅਤੇ ਫ਼ੌਜੀ ਛਾਉਣੀ ਦੇ ਇਲਾਕੇ ਸ਼ਾਮਲ ਹਨ | ਵਾਰਡ ਨੰਬਰ 5 ਵੀ ਅਨੁਸੂਚਿਤ ਜਾਤੀ ਮਹਿਲਾ ਲਈ ਹੈ, ਜਿਸ ਵਿਚ ਜੈਰਥ ਕਾਲੋਨੀ ਅਤੇ ਡਾਕਟਰ ਬੱਬੂ ਵਾਲੀ ਗਲੀ ਦੇ ਖੇਤਰ ਆਉਂਦੇ ਹਨ | ਵਾਰਡ ਨੰਬਰ 6 ਜਨਰਲ ਅਤੇ ਵਾਰਡ ਨੰਬਰ 7 ਮਹਿਲਾ ਰਾਖਵਾਂ ਹੈ, ਜਿਸ ਵਿਚ ਰਾਧਾ ਸੁਆਮੀ ਕਾਲੋਨੀ ਦਾ ਹਿੱਸਾ ਸ਼ਾਮਲ ਹੈ | ਵਾਰਡ ਨੰਬਰ 8 ਅਨੁਸੂਚਿਤ ਜਾਤੀ ਲਈ ਰਾਖਵਾਂ ਹੈ, ਜਿਸ ਵਿਚ ਸੰਜੀਵ ਸਿਨੇਮਾ ਅਤੇ ਇਸਲਾਮੀਆ ਸਕੂਲ ਦਾ ਖੇਤਰ ਆਉਂਦਾ ਹੈ | ਵਾਰਡ ਨੰਬਰ 9 ਮਹਿਲਾ ਰਾਖਵਾਂ ਅਤੇ ਵਾਰਡ ਨੰਬਰ 10 ਜਨਰਲ ਸ਼੍ਰੇਣੀ ਦਾ ਹੈ, ਜੋ ਬਠਿੰਡਾ ਰੋਡ ਅਤੇ ਮਹਿਤਾਬ ਗੰਜ ਤੱਕ ਫੈਲਿਆ ਹੋਇਆ ਹੈ | ਵਾਰਡ ਨੰਬਰ 11 ਮਹਿਲਾ ਰਾਖਵਾਂ ਅਤੇ ਵਾਰਡ ਨੰਬਰ 12 ਜਨਰਲ ਸ਼੍ਰੇਣੀ ਦਾ ਹੈ, ਜਿਸ ਵਿਚ ਗਾਂਧੀ ਚੌਂਕ ਅਤੇ ਸੁਲੇਮਾਨਕੀ ਰੋਡ ਸ਼ਾਮਲ ਹਨ | ਵਾਰਡ ਨੰਬਰ 13 ਮਹਿਲਾ ਰਾਖਵਾਂ ਹੈ, ਜੋ ਅੰਬੇਡਕਰ ਚੌਂਕ ਅਤੇ ਨਗਰ ਕੌਂਸਲ ਕਾਲੋਨੀ ਤੱਕ ਵਿਸਤਰਿਤ ਹੈ | ਵਾਰਡ ਨੰਬਰ 14 ਜਨਰਲ ਅਤੇ ਵਾਰਡ ਨੰਬਰ 15 ਮਹਿਲਾ ਰਾਖਵੀਂ ਸ਼੍ਰੇਣੀ ਲਈ ਹੈ, ਜਿਸ ਵਿਚ ਅਬੋਹਰ ਰੋਡ ਅਤੇ ਮਦਨ ਗੋਪਾਲ ਰੋਡ ਦਾ ਹਿੱਸਾ ਆਉਂਦਾ ਹੈ | ਵਾਰਡ ਨੰਬਰ 16 ਅਨੁਸੂਚਿਤ ਜਾਤੀ ਲਈ ਰਾਖਵਾਂ ਕੀਤਾ ਗਿਆ ਹੈ, ਜੋ ਸੁਲੇਮਾਨਕੀ ਰੋਡ ਅਤੇ ਬਾਬਾ ਰਾਮਦੇਵ ਮੰਦਰ ਖੇਤਰ ਨੂੰ ਕਵਰ ਕਰਦਾ ਹੈ | ਵਾਰਡ ਨੰਬਰ 17 ਜਨਰਲ ਅਤੇ ਵਾਰਡ ਨੰਬਰ 18 ਮਹਿਲਾ ਰਾਖਵਾਂ ਹੈ, ਜਿਸ ਵਿਚ ਘੰਟਾ ਘਰ ਚੌਂਕ ਅਤੇ ਤਹਿਸੀਲ ਰੋਡ ਦੇ ਮੁੱਖ ਬਾਜ਼ਾਰ ਸ਼ਾਮਲ ਹਨ | ਵਾਰਡ ਨੰਬਰ 19 ਜਨਰਲ ਸ਼੍ਰੇਣੀ ਦਾ ਹੈ, ਜਿਸ ਵਿਚ ਬਾਜ਼ੀਗਰ ਬਸਤੀ ਦਾ ਇਲਾਕਾ ਆਉਂਦਾ ਹੈ | ਵਾਰਡ ਨੰਬਰ 20 ਮਹਿਲਾ ਰਾਖਵਾਂ ਹੈ, ਜਿਸ ਵਿਚ ਪੁਰਾਣਾ ਹਸਪਤਾਲ ਰੋਡ ਅਤੇ ਰੇਲਵੇ ਸਟੇਸ਼ਨ ਰੋਡ ਸ਼ਾਮਲ ਹੈ | ਵਾਰਡ ਨੰਬਰ 21 ਜਨਰਲ ਅਤੇ ਵਾਰਡ ਨੰਬਰ 22 ਮਹਿਲਾ ਰਾਖਵਾਂ ਹੈ, ਜਿਸ ਵਿਚ ਕਸੀਰਾ ਬਾਜ਼ਾਰ ਅਤੇ ਲੋਹਾ ਮੰਡੀ ਦਾ ਖੇਤਰ ਆਉਂਦਾ ਹੈ | ਵਾਰਡ ਨੰਬਰ 23 ਅਤੇ ਵਾਰਡ ਨੰਬਰ 24 ਜਨਰਲ ਸ਼੍ਰੇਣੀ ਦੇ ਹਨ, ਜਿਨ੍ਹਾਂ ਵਿਚ ਸਲੇਮ ਸ਼ਾਹ ਰੋਡ ਅਤੇ ਟੀਚਰ ਕਾਲੋਨੀ ਦੇ ਹਿੱਸੇ ਸ਼ਾਮਲ ਹਨ | ਵਾਰਡ ਨੰਬਰ 25 ਪਛੜੀ ਸ਼੍ਰੇਣੀ (ਬੀ.ਸੀ.) ਲਈ ਰਾਖਵਾਂ ਕੀਤਾ ਗਿਆ ਹੈ, ਜੋ ਬੀ.ਡੀ.ਪੀ.ਓ. ਰੋਡ ਅਤੇ ਐਮ.ਆਰ. ਐਨਕਲੇਵ ਦੇ ਖੇਤਰਾਂ ਨੂੰ ਕਵਰ ਕਰਦਾ ਹੈ | ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਮਨਜੀਤ ਸਿੰਘ ਬਰਾੜ ਨੇ ਅਧਿਸੂਚਨਾ ਦੀਆਂ ਕਾਪੀਆਂ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ, ਉਪ ਮੰਡਲ ਮੈਜਿਸਟਰੇਟ ਅਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੂੰ ਅਗਲੇਰੀ ਕਾਰਵਾਈ ਹਿਤ ਭੇਜ ਦਿੱਤੀਆਂ ਹਨ | ਅਧਿਕਾਰੀਆਂ ਦਾ ਕਹਿਣਾ ਹੈ ਕਿ ਸੱਤ ਦਿਨਾਂ ਦੇ ਅੰਦਰ ਪ੍ਰਾਪਤ ਹੋਣ ਵਾਲੇ ਇਤਰਾਜ਼ਾਂ ਦੀ ਸਮੀਖਿਆ ਤੋਂ ਬਾਅਦ ਹੀ ਅੰਤਿਮ ਗਜ਼ਟ ਪ੍ਰਕਾਸ਼ਿਤ ਕੀਤਾ ਜਾਵੇਗਾ | ਪ੍ਰਸ਼ਾਸਨ ਨੇ ਨਗਰ ਕੌਂਸਲ ਨੂੰ ਹਦਾਇਤ ਕੀਤੀ ਹੈ ਕਿ ਵਾਰਡਬੰਦੀ ਦਾ ਨਕਸ਼ਾ ਅਤੇ ਵੇਰਵਾ ਜਨਤਕ ਥਾਵਾਂ 'ਤੇ ਲਗਾਇਆ ਜਾਵੇ ਤਾਂ ਜੋ ਆਮ ਜਨਤਾ ਨੂੰ ਇਸ ਦੀ ਪੂਰੀ ਜਾਣਕਾਰੀ ਮਿਲ ਸਕੇ |