ਫਿਰੋਜ਼ਪੁਰ, 27 ਦਸੰਬਰ(ਗੁਰਿੰਦਰ ਸਿੰਘ)-ਡੀ.ਸੀ.ਐਮ ਗਰੁੱਪ ਆਫ਼ ਸਕੂਲਜ਼ ਵਲੋਂ ਐਮ.ਆਰ.ਦਾਸ ਮੈਮੋਰੀਅਲ ਕਿ੍ਕਟ ਚੈਂਪੀਅਨਸ਼ਿਪ ਸੀਜ਼ਨ 4 ਵਿਚ ਡੀ.ਸੀ.ਐੱਮ ਐਲੂਮਨੀ ਟਾਈਗਰਜ਼ ਨੇ ਫਾਈਨਲ ਵਿਚ ਡੀ.ਸੀ.ਐਮ ਫਲੇਮਿੰਗੋਜ਼ ਨੂੰ 71 ਦੌੜਾਂ ਨਾਲ ਹਰਾ ਕੇ ਚੈਂਪੀਅਨਸ਼ਿਪ ਟਰਾਫ਼ੀ ਆਪਣੇ ਨਾਂਅ ਕੀਤੀ | ਨਿਰਦੇਸ਼ਕ ਮਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਡੀ.ਸੀ.ਐਮ ਐਲੂਮਨੀ ਟਾਈਗਰਜ਼ ਅਤੇ ਡੀ.ਸੀ.ਐਮ ਫਲੇਮਿੰਗੋਜ਼ ਵਿਚਕਾਰ ਹੋਇਆ ਸੀ | ਜਿਸ ਵਿਚ ਅਲੂਮਨੀ ਟਾਈਗਰਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ | ਇਸ ਰੋਮਾਂਚਕ ਮੈਚ 'ਚ 20 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 229 ਦੌੜਾਂ ਬਣਾਈਆਂ ਜਦਕਿ ਡੀ.ਸੀ.ਐੱਮ ਫਲੇਮਿੰਗੋਸ ਨੇ 8 ਵਿਕਟਾਂ ਦੇ ਨੁਕਸਾਨ 'ਤੇ ਸਿਰਫ਼ 158 ਦੌੜਾਂ ਬਣਾ ਸਕੀ | ਇਹ ਮੈਚ ਡੀ.ਸੀ.ਐਮ ਐਲੂਮਨੀ ਟਾਈਗਰਜ਼ ਨੇ 71 ਦੌੜਾਂ ਦੇ ਫ਼ਰਕ ਨਾਲ ਜਿੱਤਿਆ | ਜਿਸ 'ਚ ਸਾਹਿਲ ਨੇ 34 ਗੇਂਦਾਂ 'ਚ 51 ਦੌੜਾਂ ਬਣਾਈਆਂ ਅਤੇ ਆਪਣੀ ਗੇਂਦਬਾਜ਼ੀ 'ਚ ਦੋ ਅਹਿਮ ਵਿਕਟਾਂ ਲੈ ਕੇ ਮੈਨ ਆਫ਼ ਦੀ ਮੈਚ ਦਾ ਪੁਰਸਕਾਰ ਜਿੱਤਿਆ | ਡਿਪਟੀ ਪਿ੍ੰਸੀਪਲ ਮਨੀਸ਼ ਬੰਗਾ ਨੇ ਦੱਸਿਆ ਕਿ ਜੇਤੂਆਂ ਨੂੰ ਸਕੂਲ ਪ੍ਰਸ਼ਾਸਨ ਵਲੋਂ ਸਨਮਾਨਿਤ ਕੀਤਾ ਗਿਆ | ਸਮੁੱਚੇ ਟੂਰਨਾਮੈਂਟ ਦੇ ਸਰਬੋਤਮ ਗੇਂਦਬਾਜ਼ ਦਾ ਖ਼ਿਤਾਬ ਡੀ.ਸੀ.ਐਮ ਫਲੇਮਿੰਗੋ ਦੇ ਖਿਡਾਰੀ ਸੁਧੀਰ ਨੂੰ ਦਿੱਤਾ ਗਿਆ | ਜਿਸ ਨੇ 3 ਮੈਚਾਂ 'ਚ 7 ਵਿਕਟਾਂ ਲਈਆਂ | ਤਿੰਨ ਮੈਚਾਂ ਵਿਚ 189 ਦੌੜਾਂ ਅਤੇ ਹਰ ਮੈਚ ਵਿੱਚ ਅਰਧ ਸੈਂਕੜਾ ਬਣਾਉਣ 'ਤੇ ਡੀ.ਸੀ.ਐਮ ਐਲੂਮਨੀ ਟਾਈਗਰਜ਼ ਦੇ ਸ਼ਿਵਮ ਨੂੰ ਸਰਬੋਤਮ ਬੱਲੇਬਾਜ਼ ਅਤੇ ਡੀਸੀਐਮ ਫਲੇਮਿੰਗੋ ਦੇ ਅੰਕੁਸ਼ ਨੂੰ ਬੈੱਸਟ ਫੀਲਡਰ ਦਾ ਖ਼ਿਤਾਬ ਦਿੱਤਾ ਗਿਆ | ਜਿਸ ਨੇ ਤਿੰਨ ਮੈਚਾਂ ਵਿਚ 6 ਕੈਚ ਲਏ | ਮੈਨ ਆਫ਼ ਦੀ ਸੀਰੀਜ਼ ਦਾ ਪੁਰਸਕਾਰ ਡੀ.ਸੀ.ਐਮ ਫਲੇਮਿੰਗੋ ਦੇ ਆਨੰਦ ਮਹਿਰਾ ਨੂੰ ਦਿੱਤਾ ਗਿਆ | ਜਿਸ ਨੇ ਤਿੰਨ ਮੈਚਾਂ ਵਿਚ 123 ਦੌੜਾਂ ਬਣਾਈਆਂ ਅਤੇ 4 ਵਿਕਟਾਂ ਲਈਆਂ | ਸੀਨੀਅਰ ਹੈੱਡ ਸਪੋਰਟਸ ਅਭਿਸ਼ੇਕ ਮਦਨ ਨੇ ਅੰਤ ਵਿਚ ਸਾਰੇ ਖਿਡਾਰੀਆਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਡੀ.ਸੀ.ਐੱਮ ਗਰੁੱਪ ਵਲੋਂ ਹਰ ਸਾਲ ਕਿ੍ਕਟ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਵਿਚ ਸਮਾਜ ਦੇ ਵੱਖ-ਵੱਖ ਵਰਗਾਂ ਦੀਆਂ ਟੀਮਾਂ ਹਿੱਸਾ ਲੈਂਦੀਆਂ ਹਨ |