ਅੰਮਿ੍ਤਸਰ, 1 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਗਠਜੋੜ ਸਰਕਾਰ ਦੀ ਸਹਿਯੋਗੀ ਪਾਰਟੀ ਜਮੀਅਤ ਉਲੇਮਾ-ਏ-ਇਸਲਾਮ (ਜੇ. ਯੂ. ਆਈ.-ਐੱਫ.) ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਨੇ ਬਾਲ ਵਿਆਹ ਕਾਨੂੰਨ ਦਾ ਸਖ਼ਤ ਵਿਰੋਧ ਕਰਦਿਆਂ ਇਸ ਨੂੰ ਕੁਰਾਨ ਤੇ ਸੁੰਨਤ ਦੇ ਵਿਰੁੱਧ ਦੱਸਿਆ ਹੈ | ਪਿਸ਼ਾਵਰ 'ਚ ਇਕ ਪ੍ਰੈੱਸ ਕਾਨਫਰੰਸ ਵਿਚ ਬੋਲਦੇ ਹੋਏ ਮੌਲਾਨਾ ਨੇ ਬਾਲ ਵਿਆਹ ਵਿਰੁੱਧ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ | ਉਨ੍ਹਾਂ ਨੇ ਇਸ ਦੇ ਨਾਲ ਹੀ ਸਰਕਾਰ ਦੀ ਆਈ. ਐੱਮ. ਐੱਫ. ਅਤੇ ਐੱਫ. ਏ. ਟੀ. ਐੱਫ. ਵਰਗੇ ਸੰਗਠਨਾਂ ਦੇ ਕੌਮਾਂਤਰੀ ਦਬਾਅ ਅੱਗੇ ਝੁਕਣ ਦੀ ਵੀ ਨਿੰਦਾ ਕੀਤੀ | ਉਨ੍ਹਾਂ ਨੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਦੀ ਬੇਲੋੜੀ ਜਲਦਬਾਜ਼ੀ ਨਾਲ ਬਿੱਲ ਨੂੰ ਕਾਨੂੰਨ 'ਚ ਦਸਤਖਤ ਕਰਨ ਲਈ ਆਲੋਚਨਾ ਕੀਤੀ ਤੇ ਇਹ ਦਲੀਲ ਦਿੱਤੀ ਕਿ ਇਹ ਜਲਦਬਾਜ਼ੀ ਵਾਲਾ ਫੈਸਲਾ ਸਰਕਾਰ ਦੇ ਇਰਾਦਿਆਂ ਬਾਰੇ ਸ਼ੱਕ ਪੈਦਾ ਕਰਦਾ ਹੈ | ਫਜ਼ਲੁਰ ਰਹਿਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਪਾਕਿ ਦੀ ਸਥਾਪਨਾ ਇਸਲਾਮ ਦੇ ਨਾਂਅ 'ਤੇ ਕੀਤੀ ਗਈ ਸੀ, ਪਰ ਹਾਲ ਹੀ 'ਚ ਵਿਧਾਨਕ ਕਾਰਵਾਈਆਂ ਕਾਰਨ ਇਸ ਦੀ ਇਸਲਾਮੀ ਪਛਾਣ ਖ਼ਤਰੇ ਵਿਚ ਹੈ | ਉਨ੍ਹਾਂ ਨੇ ਪਾਕਿ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਕਾਨੂੰਨ ਵਿਦੇਸ਼ੀ ਨਿਰਦੇਸ਼ਾਂ ਦੀ ਬਜਾਏ ਇਸਲਾਮੀ ਸਿਧਾਂਤਾਂ ਦੇ ਅਨੁਸਾਰ ਹੋਣੇ ਚਾਹੀਦੇ ਹਨ | ਮੌਲਾਣਾ ਨੇ ਪੂਰੇ ਪਾਕਿਸਤਾਨ 'ਚ ਬਾਲ ਵਿਆਹ ਵਿਰੁੱਧ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਦੀਆਂ ਯੋਜਨਾਵਾਂ ਦਾ ਖੁਲਾਸਾ ਕੀਤਾ, ਜਿਸ ਵਿਚ 29 ਜੂਨ ਨੂੰ ਹਜ਼ਾਰਾ ਡਿਵੀਜ਼ਨ 'ਚ ਇਕ ਵੱਡਾ ਇਕੱਠ ਵੀ ਸ਼ਾਮਿਲ ਹੈ | ਫਜ਼ਲੁਰ ਰਹਿਮਾਨ ਨੇ ਦੱਸਿਆ ਕਿ ਇਸਲਾਮਿਕ ਵਿਚਾਰਧਾਰਾ ਪ੍ਰੀਸ਼ਦ ਪਹਿਲਾਂ ਹੀ ਬਾਲ ਵਿਆਹ ਬਿੱਲ ਨੂੰ ਰੱਦ ਕਰ ਚੁੱਕੀ ਹੈ, ਜਿਸ ਨਾਲ ਉਨ੍ਹਾਂ ਦੇ ਇਸ ਸਟੈਂਡ ਨੂੰ ਹੋਰ ਮਜ਼ਬੂਤੀ ਮਿਲੀ ਹੈ ਕਿ ਇਸਲਾਮ 'ਚ ਵਿਆਹ ਲਈ ਉਮਰ ਬਾਰੇ ਕੋਈ ਸ਼ਰਤ ਨਹੀਂ ਹੋਣੀ ਚਾਹੀਦੀ |