ਚੋਗਾਵਾਂ, 1 ਜੂਨ (ਗੁਰਵਿੰਦਰ ਸਿੰਘ ਕਲਸੀ)-ਗੁਰਦੁਆਰਾ ਨਾਨਕ ਪੜਾਉ ਸਾਹਿਬ ਵਿਖੇ ਕਰਵਾਏ ਗਏ ਗੁਰਬਾਣੀ ਕੰਠ ਤੇ ਕੀਰਤਨ ਮੁਕਾਬਲੇ ਵਿਚ ਅਕਾਲ ਅਕੈਡਮੀ ਚੋਗਾਵਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਇਸ ਮੁਕਾਬਲੇ ਦੌਰਾਨ ਅਕੈਡਮੀ ਦੇ ਵਿਦਿਆਰਥੀਆਂ ਨੇ ਵੱਖ-ਵੱਖ ਵਰਗਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਸ਼ੇਸ਼ ਇਨਾਮ ਅਤੇ ਨਕਦ ਇਨਾਮ ਹਾਸਿਲ ਕੀਤੇ | ਕੀਰਤਨ ਮੁਕਾਬਲੇ ਵਿਚ ਵਿਦਿਆਰਥੀਆਂ ਨੂੰ ਵਿਸ਼ੇਸ਼ ਸਨਮਾਨ ਅਤੇ ਨਕਦ ਇਨਾਮ ਨਾਲ ਨਵਾਜਿਆ ਗਿਆ | ਗੁਰਬਾਣੀ ਕੰਠ ਮੁਕਾਬਲੇ ਵਿਚ ਐਸ਼ਦੀਪ ਕੌਰ ਨੇ ਵਿਸ਼ੇਸ਼ ਇਨਾਮ ਪ੍ਰਾਪਤ ਕੀਤਾ | ਫਤਿਹਦੀਪ ਸਿੰਘ ਨੇ ਗੁਰਬਾਣੀ ਕੰਠ ਮੁਕਾਬਲੇ ਵਿਚ ਪਹਿਲਾ ਇਨਾਮ ਜਿੱਤਿਆ ਅਤੇ 500 ਰੁਪਏ ਨਕਦ ਇਨਾਮ ਪ੍ਰਾਪਤ ਕੀਤਾ | ਇਨ੍ਹਾਂ ਦੇ ਨਾਲ ਅਰਸ਼ਪ੍ਰੀਤ ਸਿੰਘ ਨੇ ਵੀ ਗੁਰਬਾਣੀ ਕੰਠ ਮੁਕਾਬਲੇ ਵਿਚ ਪਹਿਲਾ ਇਨਾਮ ਤੇ 500 ਰੁਪਏ ਨਕਦ ਇਨਾਮ ਹਾਸਲ ਕਰਕੇ ਅਕੈਡਮੀ ਦਾ ਨਾਂਅ ਰੌਸ਼ਨ ਕੀਤਾ | ਇਹ ਉਪਲਬਧੀਆਂ ਸਿਰਫ਼ ਵਿਦਿਆਰਥੀਆਂ ਦੀ ਮਿਹਨਤ ਦਾ ਹੀ ਪਰਿਣਾਮ ਨਹੀਂ, ਸਗੋਂ ਅਧਿਆਪਕਾਂ ਅਤੇ ਅਕੈਡਮੀ ਦੇ ਸੰਸਕਾਰਾਂ ਦੀ ਪ੍ਰਤੀਬਿੰਬ ਵੀ ਹਨ | ਅਕਾਲ ਅਕੈਡਮੀ ਚੋਗਾਵਾਂ ਆਪਣੇ ਵਿਦਿਆਰਥੀਆਂ ਦੀ ਰੂਹਾਨੀ, ਅਧਿਆਤਮਿਕ ਤੇ ਬੌਧਿਕ ਵਿਕਾਸ ਵੱਲ ਲਗਾਤਾਰ ਯਤਨਸ਼ੀਲ ਰਹੀ ਹੈ |