ਟਾਹਲੀ ਸਾਹਿਬ, 1 ਜੂਨ (ਵਿਨੋਦ ਭੀਲੋਵਾਲ)-ਪੰਜਾਬ ਵਿਚ ਨਿੱਤ ਦਿਨ ਹੁੰਦੇ ਸੜਕ ਹਾਦਸੇ ਤੋਂ ਬਚਣ ਲਈ ਸਕੂਲੀ ਵਿੱਦਿਆਰਥੀਆਂ ਨੂੰ ਆਵਾਜਾਈ ਨਿਯਮਾਂ ਤੋਂ ਜਾਣੂ ਕਰਵਾਉਣ ਲਈ ਇਕ ਵਿਸੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ | ਜਿਸ ਵਿਚ ਬੱਚਿਆਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਕਿ ਬੱਚੇ ਆਪ ਖ਼ੁਦ ਵੀ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਤੇ ਆਪਣੇ ਮਾਪਿਆਂ, ਰਿਸ਼ਤੇਦਾਰਾਂ ਨੂੰ ਵੀ ਦੱਸਣ ਕਿ ਉਹ ਟਰੈਫਿਕ ਲਾਈਟਾਂ ਤੇ ਟਰੈਫਿਕ ਨਿਯਮਾਂ ਵਿਚ ਅਣਗਹਿਲੀ ਕਦੇ ਨਾ ਵਰਤਣ ਕਿਉਂਕਿ ਸੜਕ 'ਤੇ ਚਲਦਿਆਂ ਇਕ ਗ਼ਲਤੀ ਆਪਣੀ ਤੇ ਹੋਰਨਾਂ ਦੀ ਜਾਨ ਲਈ ਖ਼ਤਰਾ ਬਣ ਸਕਦੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਟਰੈਫਿਕ ਐਜੂਕੇਸ਼ਨ ਸੈੱਲ ਅੰਮਿ੍ਤਸਰ ਦਿਹਾਤੀ ਦੇ ਇੰਚਾਰਜ ਇੰਦਰ ਮੋਹਨ ਸਿੰਘ ਨੇ ਸੱਤਿਆ ਭਾਰਤੀ ਸਕੂਲ ਸਿਆਲਕਾ ਵਿਖੇ ਟਰੈਫਿਕ ਨਿਯਮਾਂ ਸੰਬੰਧੀ ਲਗਾਏ ਗਏ ਕੈਂਪ 'ਚ ਬੱਚਿਆਂ ਨੂੰ ਸੰਬੋਧਨ ਕਰਦਿਆਂ ਕੀਤਾ | ਇਸ ਮੌਕੇ ਬੱਚਿਆਂ ਦੇ ਹੱਥਾਂ ਵਿਚ ਟ੍ਰੈਫਿਕ ਸਲੋਗਨਾਂ ਨੂੰ ਦਰਸਾਉਂਦੀਆਂ ਤਖ਼ਤੀਆਂ ਫੜਾ ਕੇ ਆਮ ਪਬਲਿਕ ਨੂੰ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਹ ਕੈਂਪ ਲਗਾਉਣ ਦਾ ਮਕਸਦ ਹੈ ਕਿ ਹੋ ਰਹੇ ਸੜਕ ਹਾਦਸਿਆਂ ਨੂੰ ਘਟਾਉਣ ਅਤੇ ਬੱਚਿਆਂ ਨੂੰ ਜਾਗਰੂਕ ਕਰਨਾ ਹੈ | ਇਸ ਮੌਕੇ ਇੰਚਾਰਜ ਕੁਲਦੀਪ ਕੌਰ, ਕੰਵਲਜੀਤ ਕੌਰ, ਕੁਲਵਿੰਦਰ ਕੌਰ, ਰਾਜਵਿੰਦਰ ਕੌਰ, ਸਿਮਰਨਪ੍ਰੀਤ ਕੌਰ, ਅੰਜੂ ਬਾਲਾ, ਰਜਨੀ ਬਾਲਾ, ਅਨਮੋਲਪ੍ਰੀਤ ਕੌਰ, ਡਰਾਈਵਰ ਅਸ਼ੋਕ ਕੁਮਾਰ, ਗੁਰਦੀਪ ਸਿੰਘ ਤੇ ਹੋਰ ਸਟਾਫ਼ ਹਾਜ਼ਰ ਸੀ |