ਮਿਡ-ਡੇਅ-ਮੀਲ ਵਰਕਰਾਂ ਵਲੋਂ ਕੇਂਦਰ ਸਰਕਾਰ ਖਿਲ਼ਾਫ ਰੋਸ ਪ੍ਰਦਰਸ਼ਨ ਅੱਜ
ਅਜੀਤ ਡੈਸਕ
23-09-2025
ਅੰਮਿ੍ਤਸਰ, 22 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਦੇਸ਼ ਭਰ ਦੀਆਂ ਮਿਡ-ਡੇਅ-ਮੀਲ ਵਰਕਰਾਂ ਕੇਂਦਰ ਸਰਕਾਰ ਖਿਲਾਫ ਵਿਰੋਧੀ ਨੀਤੀਆਂ ਅਪਣਾਉਣ ਲਈ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਦੇ ਮਿੱਥੇ ਪ੍ਰੋਗਰਾਮ ਤਹਿਤ ਕੱਲ੍ਹ 23 ਸਤੰਬਰ ਨੂੰ ਕਾਲੇ ਸੂਟ ਅਤੇ ਚੁੰਨੀਆਂ ਪਾ ਕੇ ਡਿਊਟੀ ਕਰਨਗੀਆਂ | ਮਿਡ-ਡੇਅ-ਮੀਲ ਵਰਕਰਜ਼ ਯੂਨੀਅਨ ਸੰਬੰਧਿਤ ਸੀ. ਆਈ. ਟੀ. ਯੂ. ਦੀ ਸੂਬਾ ਜਨਰਲ ਸਕੱਤਰ ਸੁਮਨ ਰਾਣੀ ਅਤੇ ਜ਼ਿਲ੍ਹਾ ਪ੍ਰਧਾਨ ਸਪਨਾ ਰਾਣੀ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਮਾਣ ਭੱਤਾ ਵਧਾਉਣ ਦੀ ਬਜਾਏ 600 ਰੁਪਏ ਕਟੌਤੀ ਕਰ ਦਿੱਤੀ ਗਈ ਹੈ, ਜਿਸ ਨਾਲ ਮਿਡ-ਡੇਅ-ਮੀਲ ਵਰਕਰਾਂ 'ਚ ਸਰਕਾਰ ਪ੍ਰਤੀ ਭਾਰੀ ਰੋਸ ਪੈਦਾ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਪੰਜਾਬ 'ਚ ਆਏ ਹੜ੍ਹਾਂ ਕਰਕੇ ਸਕੂਲਾਂ ਦੀ ਰਸੋਈ 'ਚ ਪਿਆ ਮਿਡ-ਡੇਅ-ਮੀਲ ਵੀ ਪਾਣੀ ਦੇ ਵਹਾਅ 'ਚ ਰੁੜ੍ਹ ਗਿਆ | ਇਨ੍ਹਾਂ ਹਲਾਤਾਂ 'ਚ ਕੋਈ ਮਦਦ ਦੇਣ ਦੀ ਬਜਾਏ 600 ਰੁਪਏ ਕਟੌਤੀ ਕਰ ਦੇਣਾ ਬੇਹੱਦ ਸ਼ਰਮਨਾਕ ਹੈ | ਉਨ੍ਹਾਂ ਮੰਗ ਕੀਤੀ ਕਿ ਉਕਤ ਕਟੌਤੀ ਵਾਪਸ ਲਈ ਜਾਵੇ ਅਤੇ 26000 ਪ੍ਰਤੀ ਮਿਡ-ਡੇ-ਮੀਲ ਮਾਣ ਭੱਤਾ ਕਰਨ ਦੀ ਮੰਗ ਪੂਰੀ ਕੀਤੀ ਜਾਵੇ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਮੰਗਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਤਾਂ ਵਰਕਰਾਂ ਵਲੋਂ ਦਿੱਲੀ ਵੱਲ ਕੂਚ ਕੀਤਾ ਜਾਵੇਗਾ |