ਸੁਲਤਾਨਵਿੰਡ, 22 ਸਤੰਬਰ (ਗੁਰਨਾਮ ਸਿੰਘ ਬੁੱਟਰ)-ਹਲਕਾ ਦੱਖਣੀ ਦੇ ਅਧੀਨ ਆਉਂਦੇ ਇਤਿਹਾਸਕ ਪਿੰਡ ਸੁਲਤਾਨਵਿੰਡ ਮੇਨ ਬਾਜ਼ਾਰ ਪੱਤੀ ਸੁਲਤਾਨ ਦੀ ਵਿਖੇ ਧਾਰਮਿਕ ਆਸਥਾ 'ਤੇ ਕੂੜੇ ਦੇ ਢੇਰ ਭਾਰੀ ਪੈਂਦੇ ਦਿਖਾਈ ਦੇ ਰਹੇ ਹਨ ਇਥੋਂ ਇਹ ਗੱਲ ਵਰਨਣਯੋਗ ਹੈ ਕਿ ਨੌਜਵਾਨ ਸੇਵਕ ਸਭਾ ਪਿੰਡ ਸੁਲਤਾਨਵਿੰਡ ਵਲੋਂ ਹਰ ਸਾਲ ਬਾਬਾ ਜੀਵਨ ਸਿੰਘ ਜੰਝ ਘਰ ਵਿਖੇ ਰਾਮਲੀਲਾ ਖੇਡੀ ਜਾਂਦੀ ਹੈ ਅਤੇ ਭਗਵਾਨ ਰਾਮ ਸੀਤਾ, ਲਛਮਣ ਹਨੂੰਮਾਨ, ਰਾਵਣ ਦੀਆਂ ਝਾਕੀਆ ਪੇਸ਼ ਕੀਤੀਆਂ ਜਾਂਦੀਆਂ ਹਨ | ਇਸ ਮੌਕੇ ਨੌਜਵਾਨਾਂ ਗੱਲਬਾਤ ਕਰਦਿਆਂ ਬਖ਼ਸ਼ੀਸ਼ ਸਿੰਘ, ਬਲਜਿੰਦਰ ਸਿੰਘ, ਕੁਲਵਿੰਦਰ ਸਿੰਘ, ਬਿਕਰਮ ਸਿੰਘ ਆਦਿ ਨਾ ਦੱਸਿਆ ਕਿ ਨਗਰ-ਨਿਗਮ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਥਾਨਕ ਜੰਝ ਘਰ ਵਿਖੇ ਰਾਮਲੀਲ੍ਹਾ ਲਗਾ ਕੇ ਭਗਵਾਨ ਰਾਮ ਚੰਦਰ ਜੀ ਦੇ ਜੀਵਨ ਦੇ ਬਿਰਤਾਂਤ 'ਤੇ ਝਾਕੀਆਂ ਪੇਸ਼ ਕੀਤੀਆਂ ਜਾਂਦੀਆਂ ਹਨ ਅਤੇ ਦੁਸਹਿਰੇ ਵਾਲੇ ਦਿਨ ਰਾਵਣ ਵੱਧ ਕੀਤਾ ਜਾਂਦਾ ਹੈ ਜਿਸ ਵਿਚ ਸੈਂਕੜੇ ਲੋਕ ਰਾਮ ਲੀਲ੍ਹਾ ਵੇਖਣ ਲਈ ਆਉਂਦੇ ਪਰ ਇਸ ਵਾਰ ਨਗਰ-ਨਿਗਮ ਦੀ ਨਲਾਇਕੀ ਕਾਰਨ ਸ਼ਰਧਾਲੂ ਬਹੁਤ ਘੱਟ ਆ ਰਹੇ ਹਨ ਕਿਉਂਕਿ ਰਾਮ ਲੀਲਾ ਵਾਲੇ ਜਗ੍ਹਾ ਨਾਲ ਲੱਗਾ ਕੂੜੇ ਦਾ ਢੇਰ ਇੰਨੀ ਸੜਾਂਦ ਮਾਰ ਰਿਹਾ ਹੈ ਕਿ ਸ਼ਰਧਾਲੂਆਂ ਦਾ ਕੀ ਉੱਥੇ ਦੇ ਕਲਾਕਾਰਾਂ ਦਾ ਖੜ੍ਹਨਾ ਵੀ ਮੁਸ਼ਕਿਲ ਹੋਇਆ ਪਿਆ ਹੈ ਇਹੋ ਜਿਹੇ ਮਾਹੌਲ ਵਿਚ ਅਸੀਂ ਆਪਣੇ ਭਗਵਾਨ ਰਾਮ ਚੰਦਰ ਜੀ ਦਾ ਬਿ੍ਤਾਂਤ ਕਰਨਾ ਸਾਡੇ ਲਈ ਬਹੁਤ ਔਖਾ ਹੋਇਆ ਪਿਆ ਹੈ ਉਨ੍ਹਾਂ ਦੱਸਿਆ ਕਿ ਜੇਕਰ ਨਗਰ-ਨਿਗਮ ਇਸ ਹੋ ਰਹੇ ਧਾਰਮਿਕ ਪ੍ਰੋਗਰਾਮ ਦੇ ਆਲੇ ਦੁਆਲੇ ਸਫਾਈ ਨਹੀਂ ਕਰਵਾ ਰਹੀ ਤਾਂ ਸਾਡੇ ਇਤਿਹਾਸਕ ਪਿੰਡ ਦੀ ਕੀ ਸਾਫ ਸਫਾਈ ਕਰੇਗੀ | ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਨੂੰ ਤੁਰੰਤ ਇਸ ਪਾਸੇ ਧਿਆਨ ਦੇ ਕੇ ਸਾਡੀ ਇਸ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ | ਜਦੋਂ ਇਸ ਸੰਬੰਧੀ ਸਬੰਧਤ ਸੁਪਰਵਾਈਜ਼ਰ ਗੋਲਡੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੂੜੇ ਚੁੱਕਣ ਵਾਲੀਆਂ ਗੱਡੀਆਂ ਦੀ ਘਾਟ ਕਰਕੇ ਇਹ ਸਮੱਸਿਆ ਆ ਰਹੀ ਹੈ ਅਤੇ ਕੱਲ੍ਹ ਤੱਕ ਕੂੜਾ ਚੁਕਵਾ ਕੇ ਸਾਫ ਸਫਾਈ ਕਰਵਾ ਦਿੱਤੀ ਜਾਵੇਗੀ |
ਮੇਨ ਬਾਜ਼ਾਰ ਪੱਤੀ ਸੁਲਤਾਨ ਦੀ ਵਿਖੇ ਰਾਮ ਲੀਲ੍ਹਾ ਪੰਡਾਲ ਦੇ ਨਜ਼ਦੀਕ ਲੱਗੇ ਕੂੜੇ ਦੇ ਢੇਰ
ਪੱਤੀ ਸੁਲਤਾਨ ਦੀ ਵਿਖੇ ਰਾਮ ਲੀਲ੍ਹਾ ਸਥਾਨ ਕੋਲ ਲੱਗਾ ਕੂੜੇ ਦਾ ਬਦਬੂਅ ਮਾਰ ਰਿਹਾ ਢੇਰ | ਤਸਵੀਰ : ਗੁਰਨਾਮ ਸਿੰਘ ਬੁੱਟਰ<br/>
23-09-2025