ਅੰਮਿ੍ਤਸਰ, 18 ਅਕਤੂਬਰ (ਜਸਵੰਤ ਸਿੰਘ ਜੱਸ)-ਚੀਫ਼ ਖ਼ਾਲਸਾ ਦੀਵਾਨ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕਿ੍ਸ਼ਨ ਇੰਟਰਨੈਸ਼ਨਲ ਸਕੂਲ ਰਣਜੀਤ ਐਵੀਨਿਊ ਦੀ ਗੁਰਮਤਿ ਸੰਗੀਤ ਟੀਮ ਨੇ 'ਗੁਰੂ ਕੀ ਰਸੋਈ' ਸੰਸਥਾ ਹੁਸ਼ਿਆਰਪੁਰ ਵਲੋਂ ਕਰਵਾਏ ਗਏ ਗੁਰਮਤਿ ਸੰਗੀਤ ਮੁਕਾਬਲਿਆਂ ਵਿਚ ਸ਼ਿਰਕਤ ਕਰਦਿਆਂ ਇਕ ਲੱਖ ਰੁਪਏ ਦਾ ਇਨਾਮ ਜਿੱਤ ਦੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਮੁਕਾਬਲੇ ਵਿਚ 74 ਸਕੂਲਾਂ ਨੇ ਭਾਗ ਲਿਆ ਅਤੇ ਫਾਈਨਲ ਰਾਊਾਡ ਵਿਚ 24 ਚੁਣੇ ਹੋਏ ਸਕੂਲਾਂ ਦੇ ਕਰੜੇ ਮੁਕਾਬਲਿਆਂ ਵਿਚ ਸਕੂਲ ਦੀ ਗੁਰਮਤਿ ਸੰਗੀਤ ਟੀਮ ਨੇ ਆਪਣੀ ਸੁਰੀਲੀ ਪ੍ਰੇਸ਼ਕਾਰੀ ਨਾਲ ਸਭ ਦਾ ਮਨ ਮੋਹ ਕੇ ਪਹਿਲਾ ਸਥਾਨ ਹਾਸਿਲ ਕੀਤਾ | ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ, ਆਨ: ਸਕੱਤਰ ਰਮਣੀਕ ਸਿੰਘ ਫ੍ਰੀਡਮ ਅਤੇ ਸਮੁੱਚੀ ਪ੍ਰਬੰਧਕੀ ਟੀਮ ਨੇ ਸਕੂਲ ਮੈਂਬਰ ਇੰਚਾਰਜ ਧੰਨਰਾਜ ਸਿੰਘ, ਦੀਵਾਨ ਦੇ ਐਡੀ. ਆਨਰੇਰੀ ਸਕੱਤਰ/ਸਕੂਲ ਮੈਂਬਰ ਇੰਚਾਰਜ ਹਰਵਿੰਦਰ ਪਾਲ ਸਿੰਘ ਚੁੱਘ, ਸਕੂਲ ਮੈਂਬਰ ਇੰਚਾਰਜ ਨਵਤੇਜ ਸਿੰਘ ਨਾਰੰਗ ਅਤੇ ਜਗਦੀਪ ਸਿੰਘ ਨਰੂਲਾ ਤੇ ਪਿ੍ੰਸੀਪਲ ਦਪਿੰਦਰ ਕੌਰ ਨੂੰ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਉਪਲਬਧੀ 'ਤੇ ਵਧਾਈ ਦਿੱਤੀ | ਪ੍ਰਧਾਨ ਡਾ. ਨਿੱਜਰ ਨੇ ਕਿਹਾ ਕਿ ਦੀਵਾਨ ਵਿਦਿਆਰਥੀਆਂ ਵਲੋਂ ਪ੍ਰਾਪਤ ਕੀਤੀ ਇਹ ਸ਼ਾਨਦਾਰ ਜਿੱਤ ਦੀਵਾਨ ਲਈ ਬੇਹੱਦ ਮਾਣ ਵਾਲੀ ਗੱਲ ਹੈ |