ਅੰਮਿ੍ਤਸਰ, 3 ਨਵੰਬਰ (ਰੇਸ਼ਮ ਸਿੰਘ)-ਸਰਕਾਰ ਭਾਵੇਂ ਲੱਖ ਭਿ੍ਸ਼ਟਚਾਰ ਖ਼ਤਮ ਹੋਣ ਦੇ ਦਾਅਵੇ ਕਰੇ ਪਰ ਅਸਲੀਅਤ ਇਹ ਹੈ ਕਿ ਹਾਲੇ ਵੀ ਸਰਕਾਰੀ ਦਫਤਰਾਂ 'ਚ ਭਿ੍ਸ਼ਟਾਚਾਰ ਪੂਰੀ ਤਰ੍ਹਾਂ ਚਰਮ ਸੀਮਾ 'ਤੇ ਹੈ ਅਜਿਹਾ ਹੀ ਇਕ ਮਾਮਲਾ ਉਸ ਵੇਲੇ ਉਜਾਗਰ ਹੋਇਆ, ਜਦੋਂ ਕਿ ਆਰ.ਟੀ.ਏ. ਦਫਤਰ 'ਚ ਕੰਮ ਕਰਦੇ ਟਰਾਂਸਪੋਰਟ ਸੇਵਾ ਸੁਸਾਇਟੀ ਦੇ ਕਰਮਚਾਰੀ ਨੇ ਭਿ੍ਸ਼ਟਾਚਾਰ ਦੇ ਹੱਦਾਂ ਬੰਨ੍ਹੇ ਟੱਪ ਦਿਆਂ ਜਾਰੀ ਹੋਏ ਇਕ ਵਿਅਕਤੀ ਦੇ ਹੋਏ ਚਲਾਨ 'ਚ 2 ਹਜ਼ਾਰ ਰੁਪਏ ਲੈ ਲਏ ਤੇ ਆਰ.ਸੀ. ਦੇ ਦਿੱਤੀ | ਏਨਾ ਹੀ ਨਹੀਂ ਉਸ ਨੇ ਆਪਣੇ ਦਫਤਰ ਦੇ ਅਧਿਕਾਰੀਆਂ ਤੋਂ ਬਚਣ ਲਈ ਇਸ ਲਈ ਸਿਵਲ ਜੱਜ ਦੇ ਨਕਲੀ ਦਸਤਖਤ 'ਤੇ ਮੋਹਰ ਲਗਾ ਕੇ ਇਹ ਲਿਸਟ ਵੀ ਦੇ ਦਿੱਤੀ, ਜਿਸ ਮੁਤਾਬਿਕ ਇਹ ਚਲਾਨ ਅਦਾਲਤ 'ਚ ਭੁਗਤਿਆ ਦੱਸਿਆ ਗਿਆ | ਮਿਲੇ ਵੇਰਵਿਆਂ ਅਨੁਸਾਰ ਇਸ ਦੀ ਸ਼ੁਰੂਆਤ ਉਸ ਵੇਲੇ ਹੋਈ ਜਦੋਂ ਕਿ ਕਲਰਕ ਕਵਲਜੀਤ ਕੌਰ ਦੀ ਬਦਲੀ ਹੋਣ ਉਪਰੰਤ ਉਸ ਦੀ ਸੀਟ ਦੇ 250 ਮੈਨੂਅਲ ਚਲਾਨ, ਜੋ ਅਦਾਲਤ 'ਚ ਜਮ੍ਹਾਂ ਕੀਤੇ ਜਾਣੇ ਸਨ, ਇਸ ਟਰਾਂਸਪੋਰਟ ਸੁਸਾਇਟੀ ਦੇ ਕਰਮਚਾਰੀ ਨੂੰ ਸੌਂਪ ਦਿੱਤੇ | ਜਿਸ ਨੇ ਇਹ ਚਲਾਨ ਆਪਣੇ ਕੋਲ ਹੀ ਰੱਖ ਲਏ ਤੇ ਇਨ੍ਹਾਂ 'ਚੋਂ ਇਕ ਚਲਾਨ ਕੱਢ ਕੇ ਚਲਾਨ ਧਾਰਕ ਪਾਸੋਂ ਪੈਸੇ ਲੈ ਕੇ ਆਰ.ਸੀ. ਦੇ ਦਿੱਤੀ | ਇਸ ਸੰਬੰਧੀ ਜਦੋਂ ਮਾਮਲਾ ਆਰ.ਟੀ.ਏ. ਸੈਕਟਰ ਖੁਸ਼ਦਿਲ ਸਿੰਘ ਸੰਧੂ ਕੋਲ ਪੁੱਜਿਆ ਤਾਂ ਉਨ੍ਹਾਂ ਇਸ ਸੰਬੰਧੀ ਕਲਰਕ ਨੂੰ ਪੱੁਛਿਆ ਤਾਂ ਉਸਨੇ ਕੁਝ ਹੋਰ ਨੰਬਰ ਪਾ ਕੇ ਨਕਲੀ ਰਿਕਾਰਡ ਸੂਚੀ ਪੇਸ਼ ਕੀਤੀ, ਜਿਸ 'ਤੇ ਚਲਾਨ ਨੰਬਰ ਪਾ ਕੇ ਸਿਵਲ ਜੱਜ ਦੀ ਮੋਹਰ ਲਗਾ ਦਿੱਤੀ ਤੇ ਕਿਹਾ ਕਿ ਇਹ ਚਲਾਨ ਅਦਾਲਤ 'ਚ ਜਮ੍ਹਾਂ ਕਰਵਾ ਦਿੱਤੇ ਗਏ ਹਨ | ਇਸ ਸੰਬੰਧੀ ਟਰਾਂਸਪੋਰਟ ਸੁਸਾਇਟੀ ਦੇ ਕਰਮਚਾਰੀ ਸੁਖਜਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਸ ਨੇ ਕਿਹਾ ਕਿ ਉਸ ਕੋਲ ਕੋਈ ਚਲਾਨ ਬਕਾਇਆ ਨਹੀਂ ਹਨ ਤੇ ਨਾ ਹੀ ਕਲਰਕ ਕਵਲਜੀਤ ਕੌਰ ਨੇ ਉਸ ਨੂੰ ਦਿੱਤੇ ਹਨ | ਇਹ ਵੀ ਪਤਾ ਲੱਗਾ ਹੈ ਕਿ ਸੁਖਜਿੰਦਰ ਸਿੰਘ ਦੀ ਬਦਲੀ ਅੰਮਿ੍ਤਸਰ ਆਰ.ਟੀ.ਓ. ਤੋਂ ਪਠਾਨਕੋਟ ਹੋ ਚੁੱਕੀ ਹੈ ਪਰ ਫਿਰ ਵੀ ਉਹ ਇੱਥੇ ਹੀ ਕੰਮ ਕਰ ਰਿਹਾ ਹੈ | ਇਸ ਸੰਬੰਧੀ ਆਰ.ਟੀ.ਏ. ਖੁਸ਼ਦਿਲ ਸਿੰਘ ਸੰਧੂ ਨੇ ਕਿਹਾ ਕਿ ਇਹ ਮਾਮਲਾ ਕਾਫੀ ਪ੍ਰਮੁਖਤਾ ਨਾਲ ਉਜਾਗਰ ਹੋਇਆ ਹੈ ਅਤੇ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਜ਼ਿੰਮੇਵਾਰ ਪਾਇਆ ਗਿਆ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |