ਨਵਾਂ ਪਿੰਡ, 26 ਦਸੰਬਰ (ਜਸਪਾਲ ਸਿੰਘ)-ਮਾਤਾ ਗੁਜਰੀ ਜੀ, ਚਾਰ ਸਾਹਿਬਜ਼ਾਦਿਆਂ ਤੇ ਚਮਕੌਰ ਗੜ੍ਹੀ ਦੇ ਸਮੂਹ ਸ਼ਹੀਦ ਸਿੰਘਾਂ ਦੀ ਲਾਸ਼ਾਨੀ ਸ਼ਹਾਦਤ ਨੂੰ ਸਮਰਪਿਤ ਪਿੰਡ ਰਸੂਲਪੁਰ ਕਲਾਂ ਵਿਖੇ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਸਮੂਹ ਦੇ ਦੀਵਾਨ ਹਾਲ 'ਚ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਥਾਨਕ ਨੌਜਵਾਨਾਂ ਵਲੋਂ ਸਮੂਹ ਨਗਰ ਤੇ ਐੱਨ.ਆਰ. ਆਈ.ਵੀਰਾਂ ਦੇ ਸਹਿਯੋਗ ਨਾਲ ਸਾਲਾਨਾ 3 ਰੋਜ਼ਾ ਰਾਤਰੀ ਦੇ ਸ਼ਹੀਦੀ ਸਮਾਗਮ ਕਰਵਾਏ ਗਏ | ਦੀਵਾਨ ਹਾਲ 'ਚ ਸੁੰਦਰ ਸ਼ਮਿਆਨੇ ਹੇਠ ਬਿਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮਿ੍ਤਸਰ ਦੇ ਹਜ਼ੂਰੀ ਰਾਗੀ ਜਥਿਆਂ ਭਾਈ ਪ੍ਰਮਜੀਤ ਸਿੰਘ ਤੇ ਭਾਈ ਇਸ਼ਪਾਲ ਸਿੰਘ ਵਲੋਂ ਵੈਰਾਗਮਈ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਪ੍ਰਚਾਰਕਾਂ ਭਾਈ ਹਰਪ੍ਰੀਤ ਸਿੰਘ ਵਡਾਲਾ ਜੌਹਲ ਸ਼੍ਰੋਮਣੀ ਕਮੇਟੀ ਤੇ ਭਾਈ ਚਰਨਜੀਤ ਸਿੰਘ ਜੱਸੋਵਾਲ ਵਲੋਂ ਮਾਤਾ ਗੁਜਰੀ ਜੀ, ਚਾਰ ਸਾਹਿਬਜ਼ਾਦਿਆਂ ਦੀ ਅਦੁੱਤੀ ਤੇ ਲਾਸ਼ਾਨੀ ਸ਼ਹਾਦਤ ਅਤੇ ਗੜ੍ਹੀ ਚਮਕੌਰ ਦੀ ਵਿਸ਼ਵ ਦੇ ਇਤਿਹਾਸ ਅਨੋਖੀ ਜੰਗ ਤੋਂ ਵਿਸਥਾਰ 'ਚ ਜਾਣੂ ਕਰਵਾਇਆ ਗਿਆ | ਉਨ੍ਹਾਂ ਤੋਂ ਇਲਾਵਾ ਬੀਬੀ ਦਲੇਰ ਕੌਰ ਦੇ ਪੰਥ ਪ੍ਰਸਿੱਧ ਢਾਡੀ ਜਥੇ ਤੇ ਭਾਈ ਗੁਰਪ੍ਰੀਤ ਸਿੰਘ ਖ਼ਾਲਸਾ ਅੰਮਿ੍ਤਸਰ ਦੇ ਕਵੀਸ਼ਰੀ ਜਥੇ ਤੇ ਕਈ ਹੋਰਾਂ ਪੰਥਿਕ ਜਥਿਆਂ ਵਲੋਂ ਬੀਰ ਰਸ ਵਾਰਾਂ ਰਾਹੀਂ ਸਾਕਾ ਸਰਹੰਦ ਤੇ ਗੜ੍ਹੀ ਚਮਕੌਰ ਦੇ ਬਿਰਤਾਂਤ ਨੂੰ ਸੰਗਤਾਂ ਦੇ ਸਨਮੁੱਖ ਰੱਖਿਆ ਗਿਆ | ਪ੍ਰਬੰਧਕਾਂ ਵਲੋਂ ਜਥਿਆਂ ਨੂੰ ਸਨਮਾਨਿਤ ਕੀਤਾ ਗਿਆ | ਸਟੇਜ ਸੰਚਾਲਨ ਦੀ ਸੇਵਾ ਭਾਈ ਦਿਲਬਾਗ ਸਿੰਘ ਚਾਹਲ ਵਲੋਂ ਕੀਤੀ ਗਈ |