ਭਿੱਖੀਵਿੰਡ, 31 ਮਈ (ਬੌਬੀ)-ਭਿੱਖੀਵਿੰਡ ਦੇ ਅੰਮਿ੍ਤਸਰ ਰੋਡ ਤੇ ਸਥਿਤ ਰਾਜਬੀਰ ਸੁਨਿਆਰੇ ਦੀ ਦੁਕਾਨ ਉੱਪਰ 3 ਜਨਵਰੀ ਦੀ ਦਰਮਿਆਨੀ ਰਾਤ ਨੂੰ ਨਕਾਪੋਸ਼ ਨੌਜਵਾਨਾਂ ਵਲੋਂ ਦੁਕਾਨ ਵਿਚ ਦਾਖਲ ਹੋ ਕੇ ਸੋਨੇ ਦੀ ਭਰੀ ਤਿਜੌਰੀ ਨੂੰ ਪੁੱਟ ਕੇ ਲੈ ਗਏ ਸਨ | ਜਿਸ ਸਬੰਧੀ ਬੇਸ਼ੱਕ ਭਿੱਖੀਵਿੰਡ ਪੁਲਿਸ ਵਲੋਂ ਆਪਣੀ ਨਕਾਮੀ ਨੂੰ ਛੁਪਾਉਣ ਲਈ ਮਾਮਲਾ ਤਾਂ ਦਰਜ ਕਰ ਲਿਆ ਪ੍ਰੰਤੂ ਅਜੇ ਤੱਕ ਪੁਲਿਸ ਦੇ ਹੱਥ ਨਾ ਤਾਂ ਚੋਰੀ ਕਰਨ ਵਲੇ ਚੋਰ ਹੱਥ ਲੱਗੇ ਹਨ ਅਤੇ ਨਾ ਹੀ ਸੋਨਾ ਅਤੇ ਤਿਜੌਰੀ ਹਾਸਲ ਹੋਈ ਹੈ | ਉਧਰ ਜਦੋਂ ਕਈ ਵਾਰ ਇਸ ਮਾਮਲੇ ਵਿਚ ਪੀੜਤ ਦੁਕਾਨਦਾਰ ਥਾਣਾ ਭਿੱਖੀਵਿੰਡ ਦੇ ਮੁਖੀ ਪਾਸੋਂ ਚੋਰਾਂ ਨੂੰ ਫੜਨ ਲਈ ਕਿਹਾ ਜਾਂਦਾ ਤਾਂ ਹਰ ਵਾਰ ਹੀ ਥਾਣਾ ਮੁਖੀ ਪੀੜਤ ਦੁਕਾਨਦਾਰ ਨੂੰ ਲਾਰਾ ਲਗਾ ਦਿੰਦਾ ਹੈ, ਹਾਲਾਂਕਿ ਜੇਕਰ ਭਿੱਖੀਵਿੰਡ ਪੁਲਿਸ ਦੀ ਗੱਲ ਕਰੀਏ ਤਾਂ ਪੁਲਿਸ ਨੂੰ ਪੈਟਰੋਲਿੰਗ ਲਈ ਮਿਲੀਆਂ ਗੱਡੀਆਂ ਅਤੇ ਮੋਟਰਸਾਈਕਲ ਹੋਣ ਦੇ ਬਾਵਜੂਦ ਵੀ ਅਜਿਹੀਆਂ ਚੋਰੀਆਂ ਰੋਕਣ ਦਾ ਨਾਮ ਨਹੀਂ ਲੈ ਰਹੀਆਂ ਹਨ, ਉਥੇ ਹੀ ਪੁਲਿਸ ਮੁਕਦਰਸ਼ਕ ਬਣੀ ਲੋਕਾਂ ਦੀ ਲੁੱਟ ਦਾ ਤਮਾਸ਼ਾ ਦੇਖ ਰਹੀ ਹੈ | ਇਸ ਜਾਣਕਾਰੀ ਦਿੰਦਿਆਂ ਪੀੜਤ ਦੁਕਾਨਦਾਰ ਰਾਜਵੀਰ ਸਿੰਘ ਨੇ ਦੱਸਿਆ ਕਿ ਉਸ ਦੀ ਦੁਕਾਨ 'ਤੇ ਹੋਈ ਚੋਰੀ ਨੂੰ ਚਾਰ ਮਹੀਨੇ ਬੀਤ ਚੁੱਕੇ ਹਨ ਪ੍ਰੰਤੂ ਭਿੱਖੀਵਿੰਡ ਪੁਲਿਸ ਇਸ ਮਾਮਲੇ ਵਿਚ ਕੋਈ ਵੀ ਠੋਸ ਕਾਰਵਾਈ ਕਰਦੀ ਨਜ਼ਰ ਨਹੀਂ ਆਈ | ਉਨ੍ਹਾਂ ਕਿਹਾ ਕਿ ਹਰ ਵਾਰ ਹੀ ਥਾਣਾ ਮੁਖੀ ਵਲੋਂ ਉਨ੍ਹਾਂ ਨੂੰ ਟਾਲਮਟੋਲ ਕਰ ਦਿੱਤਾ ਜਾਂਦਾ ਹੈ | ਰਾਜਬੀਰ ਸਿੰਘ ਨੇ ਕਿਹਾ ਕਿ ਤਕਰੀਬਨ 9 ਤੋਲੇ ਸੋਨਾ ਅਤੇ ਕੁਝ ਚਾਂਦੀ ਨੌਜਵਾਨਾਂ ਵਲੋਂ ਉਸਦੀ ਦੁਕਾਨ ਤੋਂ ਲੁੱਟੀ ਗਈ ਸੀ ਪ੍ਰੰਤੂ ਪੁਲਿਸ ਵਲੋਂ ਨਾ ਤਾਂ ਸੋਨਾ ਬਰਾਮਦ ਕੀਤਾ ਗਿਆ ਹੈ ਅਤੇ ਨਾ ਹੀ ਚਾਂਦੀ ਸਮੇਤ ਦੁਕਾਨ ਤੇ ਪਈ ਤਿਜੌਰੀ | ਪੀੜਿਤ ਰਾਜਵੀਰ ਸਿੰਘ ਨੇ ਦੱਸਿਆ ਕਿ ਚਾਰ ਮਹੀਨੇ ਬੀਤ ਜਾਣ ਦੇ ਬਾਅਦ ਵੀ ਪੁਲਿਸ ਵਲੋਂ ਉਨ੍ਹਾਂ ਦੇ ਚੋਰਾਂ ਨੂੰ ਨਹੀਂ ਫੜਿਆ ਗਿਆ ਹੈ ਅਤੇ ਨਾ ਹੀ ਉਨ੍ਹਾਂ ਮਾਮਲੇ ਨੂੰ ਦਰਜ ਕਰਨ ਅਤੇ ਉਸਦੀ ਤਫਤੀਸ਼ ਕਿੱਥੋਂ ਤੱਕ ਪਹੁੰਚੀ ਹੈ, ਉਸ ਬਾਰੇ ਦੱਸਿਆ ਗਿਆ ਹੈ | ਰਾਜਵੀਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਐੱਸ.ਐੱਸ.ਪੀ. ਪਾਸੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਕੇ ਜਲਦ ਤੋਂ ਜਲਦ ਉਸ ਦੇ ਚੋਰਾਂ ਨੂੰ ਫੜਨ ਦੀ ਮੰਗ ਕੀਤੀ ਹੈ, ਉੱਥੇ ਹੀ ਉਸਨੇ ਪ੍ਰਸ਼ਾਸਨ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਉਸਦੇ ਚੋਰਾਂ ਨੂੰ ਨਾ ਫੜਿਆ ਗਿਆ ਤਾਂ ਉਹ ਆਪਣਾ ਪਰਿਵਾਰ ਸਮੇਤ ਭਿੱਖੀਵਿੰਡ ਦੇ ਚੌਂਕ ਵਿਚ ਭੁੱਖ ਹੜਤਾਲ 'ਤੇ ਬੈਠੇਗਾ ਜਿਸਦਾ ਜਿੰਮੇਵਾਰ ਥਾਣਾ ਭਿੱਖੀਵਿੰਡ ਦਾ ਐੱਸ.ਐੱਚ.ਓ. ਹੋਵੇਗਾ | (ਬਾਕੀ ਸਫ਼ਾ 13 'ਤੇ)