ਤਰਨ ਤਾਰਨ, 4 ਜੂਨ (ਹਰਿੰਦਰ ਸਿੰਘ)-ਰੰਜਿਸ਼ ਤਹਿਤ ਨੌਜਵਾਨ ਨਾਲ ਕੁੱਟਮਾਰ ਕਰਕੇ ਉਸਦੀ ਦੁੱਧ ਵਾਲੀ ਗੱਡੀ ਖੋਹ ਕੇ ਫ਼ਰਾਰ ਹੋਣ ਦੇ ਮਾਮਲੇ ਵਿਚ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ 5 ਵਿਅਕਤੀਆਂ ਤੋਂ ਇਲਾਵਾ 6 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਸਿਟੀ ਤਰਨ ਤਾਰਨ ਵਿਖੇ ਲਖਵਿੰਦਰ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਮੱਲਵਾਲੀਏ ਜ਼ਿਲ੍ਹਾ ਫਿਰੋਜਪੁਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ ਲੜਕਾ ਨਰੈਣ ਸਿੰਘ ਜੋ ਕਿ ਪਟਿਆਲਾ ਬਾਣੀ ਡੇਅਰੀ ਦੀ ਬ੍ਰਾਂਚ ਪਿੰਡ ਖਵਾਸਪੁਰ ਨਜ਼ਦੀਕ ਗੋਇੰਦਵਾਲ ਸਾਹਿਬ ਵਿਚ ਦੁੱਧ ਦੀ ਸਪਲਾਈ ਦਾ ਕੰਮ ਕਰਦਾ ਹੈ ਅਤੇ ਉਸਦੀ ਗੱਡੀ ਬਲੈਰੋ ਨੰਬਰ ਪੀ.ਬੀ. 05 ਏ.ਐੱਨ. 8367 ਜਿਸ ਵਿਚ ਡੇਅਰੀ ਵਲੋਂ ਜੀ.ਪੀ.ਐੱਸ. ਲੱਗਾ ਹੋਇਆ ਸੀ | 11 ਮਈ ਨੂੰ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਉਸਦਾ ਲੜਕਾ ਨਰੈਣ ਸਿੰਘ ਆਪਣੀ ਗੱਡੀ ਵਿਚ ਦੁੱਧ ਵਾਲੇ 29 ਖਾਲੀ ਕੈਨ ਖੁਵਾਸਪੁਰ ਤੋਂ ਲੈ ਕੇ ਤੁਰਿਆ ਸੀ, ਜੋ ਫਰੰਦੀਪੁਰ ਸਿੰਘਪੁਰਾ ਆਦਿ ਡੇਅਰੀਆਂ 'ਤੇ ਸਮੇਂ ਸਿਰ ਨਾ ਪੁੱਜਣ ਤੇ ਉਸਨੂੰ ਪਿੰਡ ਸਿੰਘਪੁਰਾ ਵਿਚ ਬਾਣੀ ਡੇਅਰੀ ਦੇ ਡੀਲਰ ਇੰਦਰਜੀਤ ਸਿੰਘ ਦਾ ਫ਼ੋਨ ਆਇਆ ਕਿ ਤੁਹਾਡਾ ਲੜਕਾ ਨਰੈਣ ਸਿੰਘ ਦੁੱਧ ਵਾਲੀ ਗੱਡੀ ਲੈ ਕੇ ਨਹੀਂ ਪਹੁੰਚਿਆ ਅਤੇ ਨਾ ਹੀ ਫ਼ੋਨ ਚੱਕ ਰਿਹਾ ਹੈ | ਉਸਨੇ ਜੀ.ਪੀ.ਐੱਸ. ਸਿਸਟਮ ਚੈੱਕ ਕਰਵਾਇਆ ਤਾਂ ਪਤਾ ਲੱਗਾ ਕਿ ਗੱਡੀ ਹਰੀਕੇ ਵਾਲੀ ਸਾਇਡ ਆਦਿ ਨੂੰ ਜਾ ਰਹੀ ਹੈ, ਤਾ ਫਿਰ ਐਮਰਜੈਂਸੀ ਹੈਲਪਲਾਈਨ 'ਤੇ ਆਪਣੀ ਸ਼ਿਕਾਇਤ ਦਰਜ ਕਰਵਾਈ | ਉਹ ਥਾਣਾ ਸਰਹਾਲੀ ਪੁਲਿਸ ਨੂੰ ਨਾਲ ਲੈ ਕੇ ਮੱਖੂ ਪਹੁੰਚਿਆਂ ਤਾਂ ਮੱਖੂ ਤੋਂ ਥੋੜ੍ਹਾ ਪਿੱਛੇ ਜ਼ੀਰੇ ਵਾਲੀ ਸਾਇਡ ਤੋਂ ਗੱਡੀ ਦਾ ਜੀ.ਪੀ ਐੱਸ. ਬੰਦ ਹੋ ਗਿਆ ਤਾਂ ਉਸਦੇ ਲੜਕੇ ਨਰੈਣ ਸਿੰਘ ਦਾ ਫ਼ੋਨ ਆਇਆ ਕਿ ਮੈ ਜ਼ੀਰੇ ਥਾਣੇ ਹਾਂ ਅਤੇ ਆਪਣੀ ਗੱਡੀ ਵੀ ਥਾਣੇ ਹੈ | ਉਸਦੇ ਲੜਕੇ ਨੇ ਦੱਸਿਆ ਕਿ ਗੋਇੰਦਵਾਲ ਬਾਈਪਾਸ ਤਰਨ ਤਾਰਨ ਤੋੋਂ ਸਾਹਿਬ ਸਿੰਘ, ਬੇਅੰਤ ਸਿੰਘ, ਬੂਟਾ ਸਿੰਘ ਪੁੱਤਰਾਨ ਗੁਰਮੇਜ ਸਿੰਘ ਵਾਸੀ ਜੌਹਲ ਨਗਰ ਜ਼ੀਰਾ ਜ਼ਿਲ੍ਹਾ ਫਿਰੋਜਪੁਰ, ਮੰਗਲ ਸਿੰਘ ਵਾਸੀ ਮਾਛੀਆ ਬਰਸੀ ਜ਼ੀਰਾ, ਗੁਰਵਿੰਦਰ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਹਕੂਮਤ ਵਾਲਾ ਜ਼ਿਲ੍ਹਾ ਫਿਰੋਜਪੁਰ ਤੋਂ ਇਲਾਵਾ 5-6 ਅਣਪਛਾਤੇ ਵਿਅਕਤੀਆਂ ਨੇ ਉਸਦੀ ਕੁੱਟਮਾਰ ਕਰਕੇ ਗੱਡੀ ਖੋਹ ਕੇ ਲੈ ਗਏ ਅਤੇ ਉਸਨੂੰ ਆਪਣੀ ਸਵਿਫਟ ਕਾਰ ਵਿਚ ਬਿਠਾ ਕੇ ਆਪਣੇ ਨਾਲ ਜ਼ੀਰੇ ਥਾਣੇ ਲੈ ਆਏ ਹਨ | ਜਦੋਂ ਉਨ੍ਹਾਂ ਵਲੋਂ ਗੱਡੀ ਨੂੰ ਚੈੱਕ ਕੀਤਾ ਗਿਆ ਅਤੇ ਚੈੱਕ ਕਰਨ ਦੌਰਾਨ ਪਾਇਆ ਗਿਆ ਕਿ ਗੱਡੀ ਦੀਆਂ ਮਾਰਕਾ ਪਲੇਟਾਂ/ਨੰਬਰ ਪਲੇਟਾਂ ਪੱਟ ਦਿੱਤੀਆ ਅਤੇ ਗੱਡੀ ਦਾ ਚੈਸੀ ਨੰਬਰ ਰਗੜ ਦਿੱਤਾ ਅਤੇ ਗੱਡੀ ਦੇ ਸਾਰੇ ਕਾਗਜਾਤ ਵੀ ਖੋਹ ਲਏ ਅਤੇ ਲੜਕੇ ਨਰੈਣ ਸਿੰਘ ਦਾ ਡਰਾਈਵਰੀ ਲਾਇਸੰਸ, ਅਧਾਰ ਕਾਰਡ ਤੇ ਉਸਦੀ ਜੇਬ ਵਿਚ 10 ਹਜ਼ਾਰ ਰੁਪਏ ਭਾਰਤੀ ਕਰੰਸੀ ਸੀ, ਜੋ ਉਕਤ ਵਿਅਤੀਆਂ ਨੇ ਖੋਹ ਲਏ | ਵਜ਼੍ਹਾ ਰੰਜਿਸ਼ ਇਹ ਹੈ ਕਿ ਉਸਨੇ ਕੁਝ ਸਮਾਂ ਪਹਿਲਾਂ ਸਾਹਿਬ ਸਿੰਘ ਪਾਸੇਂ ਗੱਡੀ ਬਲੈਰੋ ਖਰੀਦ ਕੀਤੀ ਸੀ, ਜਿਸਦੇ ਇਨ੍ਹਾਂ ਕਾਗਜ਼ਾਤ ਨਹੀਂ ਦਿੱਤੇ, ਜਿਸ ਸਬੰਧੀ ਉਸਨੇ ਅਦਾਲਤ ਵਿਚ ਕੇਸ ਕੀਤਾ ਹੈ | ਜਾਂਚ ਅਧਿਕਾਰੀ ਏ.ਐੱਸ.ਆਈ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |