ਸਰਹਾਲੀ ਕਲਾਂ, 5 ਸਤੰਬਰ (ਅਜੈ ਸਿੰਘ ਹੁੰਦਲ)-ਪੰਜਾਬ ਅੰਦਰ ਆਏ ਹੜ੍ਹਾਂ ਮੌਕੇ ਸੇਵਾ ਕਰਨ ਵਾਲਿਆਂ ਨੇ ਸੇਵਾ ਦੀਆਂ ਕਈ ਮਿਸਾਲਾਂ ਕਾਇਮ ਕੀਤੀਆਂ ਹਨ | ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਅਤੇ ਸੰਤ ਬਾਬਾ ਹਾਕਮ ਸਿੰਘ ਦੀ ਅਗਵਾਈ ਵਿਚ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਵੱਖ-ਵੱਖ ਸੇਵਾਵਾਂ 11 ਅਗਸਤ ਤੋਂ ਜਾਰੀ ਹਨ | ਸ਼ੁੱਕਰਵਾਰ ਨੂੰ ਪਿੰਡ ਰੱਤਾਖੇੜਾ (ਜ਼ਿਲ੍ਹਾ ਮੁਕਤਸਰ) ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਪਸ਼ੂਆਂ ਲਈ 21 ਟਰਾਲੀਆਂ ਤੂੜੀ ਅਤੇ 600 ਬੋਰੀਆਂ ਚੌਕਰ ਸੰਪਰਦਾਇ ਕਾਰ ਸੇਵਾ ਦੇ ਹੈਡ ਕੁਆਰਟਰ ਡੇਰਾ ਤਪੋਬਨ ਸਾਹਿਬ (ਨਵਾਂ ਪੜਾਅ) ਸਰਹਾਲੀ ਸਾਹਿਬ ਵਿਖੇ ਪਹੁੰਚਿਆ, ਜਿਸ ਵਿਚੋਂ 10 ਟਰਾਲੀਆਂ ਡੇਰਾ ਬਾਬਾ ਨਾਨਕ ਇਲਾਕੇ ਵਿਚ ਭੇਜੀਆਂ ਗਈ ਹਨ ਅਤੇ ਬਾਕੀ ਲੋੜ ਅਨੁਸਾਰ ਜ਼ਿਲ੍ਹਾ ਤਰਨ ਤਾਰਨ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਭੇਜੀਆਂ ਜਾ ਰਹੀਆਂ ਹਨ | ਪਸ਼ੂਆਂ ਦੇ ਚਾਰੇ ਦੀ ਇਸ ਸੇਵਾ ਵਿਚ ਸਰਪੰਚ ਬੋਹੜ ਸਿੰਘ, ਬਾਬਾ ਸੁਖਜਿੰਦਰ ਸਿੰਘ, ਸੋਨੀ, ਬਲਕਾਰ ਸਿੰਘ, ਹਰਪਾਲ ਸਿੰਘ ਸਰਹਾਲੀ, ਸਰਪੰਚ ਬਲਕਾਰ ਸਿੰਘ ਲਾਡੀ, ਸਾਬਕਾ ਸਰਪੰਚ ਸਾਹਿਬ ਸਿੰਘ, ਅਰਜਨ ਸਿੰਘ ਸੰਧੂ ਸਮਾਜ ਸੇਵੀ ਅਤੇ ਸਮੂਹ ਨਗਰ ਨਿਵਾਸੀਆਂ ਨੇ ਯੋਗਦਾਨ ਪਾਇਆ ਹੈ | ਪਿੰਡ ਰੱਤਾ ਖੇੜਾ ਦੀ ਨਗਰ ਪੰਚਾਇਤ ਵਲੋਂ ਇਸ ਮੌਕੇ ਹੜ੍ਹਾਂ ਵਿਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਸੰਤ ਬਾਬਾ ਸੁੱਖਾ ਸਿੰਘ ਨੂੰ ਸਨਮਾਨਤ ਕੀਤਾ ਗਿਆ | ਸਰਪੰਚ ਬੋਹੜ ਸਿੰਘ ਨੇ ਇਸ ਮੌਕੇ ਬੋਲਦਿਆਂ ਆਖਿਆ ਕਿ ਅਸੀਂ ਮਹਾਂਪੁਰਖ ਸੰਤ ਬਾਬਾ ਸੁੱਖਾ ਸਿੰਘ ਵਲੋਂ ਸਾਲ 2023 ਵਿਚ ਅਤੇ ਮੌਜੂਦਾ ਚੱਲ ਰਹੇ ਬਿਪਤਾ ਭਰੇ ਹਾਲਾਤਾਂ ਵਿਚ ਨਿਭਾਈਆਂ ਜਾ ਰਹੀਆਂ ਸੇਵਾਵਾ ਤੋਂ ਬਹੁਤ ਪ੍ਰਭਾਵਿਤ ਹਾਂ | ਅਸੀਂ ਸਮੂਹ ਨਗਰ ਵਲੋਂ ਇਨ੍ਹਾਂ ਸੇਵਾਵਾਂ ਵਿਚ ਛੋਟੀ ਜਿਹੀ ਹਾਜ਼ਰੀ ਲਗਵਾਈ ਹੈ | ਭਵਿੱਖ ਵਿਚ ਵੀ ਸਾਡਾ ਨਗਰ ਸੰਪਰਦਾਇ ਵਲੋਂ ਕੀਤੀਆਂ ਜਾਂਦੀਆਂ ਸੇਵਾਵਾਂ ਲਈ ਹਾਜ਼ਰ ਰਹੇਗਾ |