ਤਰਨ ਤਾਰਨ, 5 ਸਤੰਬਰ (ਹਰਿੰਦਰ ਸਿੰਘ)- ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਅੰਤਰ ਰਾਸ਼ਟਰੀ ਵਿਸ਼ਵ ਹੁਨਰ ਮੁਕਾਬਲੇ 2026 ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਇਹ ਮੁਕਾਬਲੇ ਜ਼ਿਲ੍ਹਾ ਪੱਧਰ, ਰਾਜ ਪੱਧਰ, ਤੇ ਰਾਸ਼ਟਰੀ ਪੱਧਰ 'ਤੇ ਕਰਵਾਏ ਜਾ ਰਹੇ ਹਨ | ਅੰਤਰ-ਰਾਸ਼ਟਰੀ ਮੁਕਾਬਲੇ ਸ਼ੰਗਾਈ (ਚੀਨ) ਵਿਖੇ ਹੋਣਗੇ | ਮੁਕਾਬਲਿਆਂ ਵਿਚ ਆਈ.ਟੀ.ਆਈ., ਹੁਨਰ ਸਿਖਲਾਈ ਲੈਣ ਵਾਲੇ ਸਿੱਖਿਆਰਥੀ, ਟੈਕਨੀਕਲ, ਇੰਜੀਨੀਅਰਿੰਗ, ਵੋਕੇਸ਼ਨਲ ਸੰਸਥਾਵਾਂ ਦੇ ਵਿਦਿਆਰਥੀ ਭਾਗ ਲੈ ਸਕਦੇ ਹਨ | ਭਾਗ ਲੈਣ ਦੇ ਚਾਹਵਾਨ ਉਮੀਦਵਾਰਾਂ ਦਾ ਜਨਮ 1 ਜਨਵਰੀ 2004 ਜਾਂ ਉਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ | ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 30 ਸਤੰਬਰ ਹੈ | ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ ਨੇ ਸਾਂਝੀ ਕੀਤੀ | ਉਨ੍ਹਾਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਹੁਨਰ ਲਈ ਤਿਆਰ ਕਰਨਾ, ਹੁਨਰ ਨੂੰ ਪਰਖਣਾ, ਹੁਨਰ ਲਈ ਅੱਗੇ ਵੱਧਣ ਲਈ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੱਕ ਮੰਚ ਮੁਹੱਈਆਂ ਕਰਵਾਉਣਾ ਹੈ | ਉਨ੍ਹਾਂ ਕਿਹਾ ਕਿ ਰਾਸ਼ਟਰੀ ਪੱਧਰ ਦੇ ਜੇਤੂਆਂ ਨੂੰ ਸ਼ੰਗਾਈ (ਚੀਨ) ਵਿਖੇ ਹੋਣ ਵਾਲੇ ਅੰਤਰ ਰਾਸ਼ਟਰੀ ਵਿਸ਼ਵ ਹੁਨਰ ਮੁਕਾਬਲਿਆਂ ਵਿਚ ਜਾ ਕੇ ਹੁਨਰ ਦਿਖਾਉਣ ਦਾ ਮੌਕਾ ਮਿਲੇਗਾ | ਇਸ 'ਚ ਇੰਡਸਟਰੀ, ਸੀ.ਐਨ.ਸੀ., ਬਿਊਟੀਥੈਰੀਪੀ, ਸਾਈਬਰ ਸਕਿਊਰਟੀ, ਨਿਵਉਣਯੋਗ ਊਰਜਾ, ਜਵੈਲਰੀ, ਫੈਸ਼ਨ ਟੈਕਨਾਲੋਜੀ, ਬੈਕਰੀ, ਇਲੈਕਟ੍ਰੋਨਿਕਸ, ਵਾਟਰ ਟੈਕਨੌਲੋਜੀ, ਗੇਮ ਆਰਟ ਤੇ ਹੋਰ ਬਹੁਤ ਸਾਰੇ ਖੇਤਰਾਂ ਸਮੇਤ ਕੁਲ 63 ਟਰੇਡਾਂ ਸ਼ਾਮਿਲ ਹਨ |