ਖੇਮਕਰਨ, 5 ਸਤੰਬਰ (ਰਾਕੇਸ਼ ਕੁਮਾਰ ਬਿੱਲਾ)-ਸਰਹੱਦੀ ਖੇਤਰ 'ਚ ਪਿੰਡਾਂ ਮਹਿਦੀਪੁਰ ਤੇ ਮੀਆਂਵਾਲਾ ਦੇ ਸਰਹੱਦ ਦੇ ਨਾਲ ਨਾਲ ਪੈਂਦੇ ਧੁੰਸੀ ਬੰਨਾਂ 'ਤੇ ਗੁਰਦੁਆਰਾ ਸੰਤ ਬਾਬਾ ਖੜਕ ਸਿੰਘ ਬੀੜ ਸਾਹਿਬ ਦੇ ਸੇਵਾਦਾਰ ਬਾਬਾ ਭੋਲਾ ਸਿੰਘ ਤੇ ਮੁੱਖ ਸੇਵਾਦਾਰ ਬਾਬਾ ਸੰਤੋਖ ਸਿੰਘ ਦੇ ਸਪੁੱਤਰ ਬਾਬਾ ਚੜਤ ਸਿੰਘ ਵਲੋਂ ਸਾਥੀਆਂ ਸਮੇਤ ਆ ਕੇ ਸਰਹੱਦ ਦੀ ਦਿਨ-ਰਾਤ ਰਾਖੀ ਕਰ ਰਹੇ ਕਿਸਾਨਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦਾ ਹਾਲ-ਚਾਲ ਜਾਣ ਕੇ ਪਾਣੀ ਦੀ ਸਥਿਤੀ ਦਾ ਜਾਇਜ਼ਾ ਲਿਆ | ਉਨ੍ਹਾਂ ਕਿਸਾਨਾਂ ਨੂੰ ਹੌਸਲਾ ਦਿੰਦੇ ਹੋਏ ਭਰੋਸਾ ਦਿੱਤਾ ਕਿ ਇਸ ਸੰਕਟ 'ਚ ਗੁਰਦੁਆਰਾ ਬੀੜ੍ਹ ਸਾਹਿਬ ਕਿਸਾਨਾਂ ਦੇ ਨਾਲ ਹੈ | ਪ੍ਰਭਾਵਿਤ ਪਿੰਡਾਂ ਦੇ ਕਿਸਾਨਾਂ ਦੀ ਹਰ ਪ੍ਰਕਾਰ ਦੀ ਸਹਾਇਤਾ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਪੰਜਾਬ 'ਚ ਵੱਖ-ਵੱਖ ਜਗ੍ਹਾ ਜਿੱਥੇ ਦਰਿਆਵਾਂ ਦੇ ਪਾਣੀ 'ਚ ਸੰਗਤਾਂ ਜੂਝ ਰਹੀਆਂ ਹਨ, ਉੱਥੇ ਪਿੰਡ-ਪਿੰਡ ਜਾ ਕੇ ਗੁਰਦੁਆਰੇ ਦੇ ਪ੍ਰਬੰਧਕਾਂ ਵਲੋਂ ਲਗਾਤਾਰ ਪੀੜਤ ਕਿਸਾਨਾਂ ਦੀ ਮਦਦ ਜਾਰੀ ਹੈ, ਕਿਉਂਕਿ ਕਿਸਾਨ ਦੇਸ਼ ਦਾ ਅੰਨਦਾਤਾ ਹੈ | ਇਸ ਕਰਕੇ ਅੰਨਦਾਤਾ ਨੂੰ ਇਸ ਸੰਕਟ 'ਚੋਂ ਕੱਢਣਾ ਹਰ ਇਕ ਦਾ ਫਰਜ਼ ਹੈ | ਇਸੇ ਦੌਰਾਨ ਬਾਬਾ ਭੋਲਾ ਸਿੰਘ ਤੇ ਬਾਬਾ ਚੜਤ ਸਿੰਘ ਨੇ ਗੁਰਦੁਆਰੇ ਤਰਫੋਂ ਪਿੰਡ ਮਹਿਦੀਪੁਰ ਤੇ ਮੀਆਂਵਾਲਾ 'ਤੇ ਚੱਲ ਰਹੇ ਰਾਹਤ ਫੰਡ 'ਚ 50-50 ਹਜ਼ਾਰ ਰੁਪਏ ਨਗਦ ਰਾਸ਼ੀ ਕਿਸਾਨਾਂ ਨੂੰ ਦਿੱਤੀ ਤੇ ਨਾਲ ਬੰਨ੍ਹਾਂ ਨੂੰ ਹੋਰ ਮਜ਼ਬੂਤ ਕਰਨ ਲਈ ਹਜ਼ਾਰਾਂ ਦੀ ਗਿਣਤੀ 'ਚ ਖਾਲੀ ਤੋੜਿਆਂ ਦੀ ਸੇਵਾ ਵੀ ਕੀਤੀ | ਪਿੰਡ ਮਹਿਦੀਪੁਰ ਦੇ ਸਰਪੰਚ ਪ੍ਰਗਟ ਸਿੰਘ ਭੱਸੀ ਤੇ ਪਿੰਡ ਮੀਆਂਵਾਲਾ ਦੇ ਸਰਪੰਚ ਹਰਚਰਨ ਸਿੰਘ ਕਾਦੀਵਿੰਡ ਨੇ ਸੰਤਾਂ ਮਹਾਂਪੁਰਸ਼ਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਅਸੀਸਾਂ ਕਾਰਨ ਹੀ ਇਸ ਇਲਾਕੇ 'ਚ ਹੜ੍ਹਾਂ ਦੇ ਪਾਣੀ ਨਾਲ ਫ਼ਸਲਾਂ ਦਾ ਨੁਕਸਾਨ ਹੋਣ ਤੋਂ ਬੱਚ ਗਿਆ ਹੈ, ਕਿਉਂਕਿ ਸੰਗਤਾਂ ਨੇ ਸਿਰਤੋੜ ਯਤਨ ਕਰਕੇ ਟੁੱਟੇ ਬੰਨ ਨੂੰ ਮੁੜ ਬੰਨ ਲਿਆ ਹੈ | ਇਸ ਮੌਕੇ ਕੌਂਸਲਰ ਗੁਰਬੀਰ ਸਿੰਘ ਖੇੜਾ, ਕਾਰਜ ਸਿੰਘ ਭੁੱਲਰ ਪੰਪ ਵਾਲੇ, ਹਰਪਾਲ ਸਿੰਘ ਭੁੱਲਰ, ਸਰਪੰਚ ਰਛਪਾਲ ਸਿੰਘ ਭੁੱਲਰ, ਕਰਮਬੀਰ ਸਿੰਘ ਪੱਤੂ, ਗੁਰਪ੍ਰੀਤ ਸਿੰਘ ਪੱਤੂ, ਪਿਛੌਰਾ ਸਿੰਘ, ਹਰਜਿੰਦਰ ਸਿੰਘ ਬਿੱਟੂ, ਬੋਹੜ ਸਿੰਘ ਅਕਾਲੀ, ਬਖਸ਼ੀਸ਼ ਸਿੰਘ ਪੱਤੂ ਤੋਂ ਇਲਾਵਾ ਪਿੰਡਾਂ ਦੇ ਕਿਸਾਨ ਹਾਜ਼ਰ ਸਨ |