ਝਬਾਲ, 24 ਸਤੰਬਰ (ਸੁਖਦੇਵ ਸਿੰਘ)-ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾ ਉਪਲਬਧ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕਮਿਊਨਿਟੀ ਸੈਂਟਰ ਝਬਾਲ ਵਿਖੇ 2100 ਲਾਭ ਪਾਤਰੀਆ ਦੇ ਨਾਂਅ ਦਰਜ ਕੀਤੇ ਗਏ | ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰੂਪਮ ਚੌਧਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਰਾਜੂ ਚੌਹਾਨ ਦੀ ਅਗਵਾਈ ਹੇਠ ਬਲਾਕ ਝਬਾਲ ਅਧੀਨ ਇਸ ਯੋਜਨਾ ਤਹਿਤ ਵੱਖ-ਵੱਖ ਪਿੰਡਾਂ ਵਿਚ 25 ਕੈਂਪ ਲਗਾਏ ਗਏ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਰਾਜੂ ਚੌਹਾਨ ਨੇ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪੰਜਾਬ ਸਰਕਾਰ ਵਲੋਂ ਲਾਭਪਾਤਰੀਆਂ ਨੂੰ ਪੰਜਾਬ ਦੇ ਸਾਰੇ ਸੂਚੀਬੱਧ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਪ੍ਰਤੀ ਸਾਲ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਦੀ ਸਹੂਲਤ ਮਿਲੇਗੀ | ਉਨ੍ਹਾਂ ਦੱਸਿਆ ਕਿ ਕੈਂਪ ਦੇ ਪਹਿਲੇ ਦਿਨ ਝਬਾਲ ਬਲਾਕ ਵਿਖੇ 2100 ਲਾਭਪਾਤਰੀਆਂ ਦੇ ਨਾਂਅ ਦਰਜ ਕੀਤੇ ਗਏ | ਉਨ੍ਹਾਂ ਦੱਸਿਆ ਕਿ ਝਬਾਲ ਬਲਾਕ ਅਧੀਨ ਆਉਂਦੇ ਲਗਪਗ 58 ਪਿੰਡਾਂ ਵਿਚ 29 ਸਤੰਬਰ ਤੱਕ ਕੈਂਪ ਲਗਾਏ ਜਾਣਗੇ | ਜਿਨ੍ਹਾਂ ਵਿਚ ਕਮਿਊਨਿਟੀ ਹੈਲਥ ਅਫ਼ਸਰ, ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਅਤੇ ਆਸ਼ਾ ਵਰਕਰਾਂ ਵਲੋਂ ਡਿਊਟੀ ਨਿਭਾਈ ਜਾ ਰਹੀ ਹੈ |