ਫਤਿਆਬਾਦ, 26 ਸਤੰਬਰ (ਹਰਵਿੰਦਰ ਸਿੰਘ ਧੂੰਦਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਟਾਂਡਾ ਪੰਜਾਬ ਵਲੋਂ ਇਕ ਜਰੂਰੀ ਮੀਟਿੰਗ ਗੁਰਦੁਆਰਾ ਛਾਪੜੀ ਸਾਹਿਬ ਵਿਖੇ ਜੋਨ ਪ੍ਰਧਾਨ ਕੁਲਵੰਤ ਸਿੰਘ ਭੈਲ ਦੀ ਅਗਵਾਈ ਵਿਚ ਕੀਤੀ ਗਈ | ਇਸ ਮੌਕੇ ਪ੍ਰੈਸ ਸਕੱਤਰ ਜੋਗਿੰਦਰ ਸਿੰਘ ਧੂੰਦਾ ਨੇ ਰਾਹੀਂ ਕਿਹਾ ਕਿ ਮੀਟਿੰਗ ਦਾ ਏਜੰਡੇ ਅਨੁਸਾਰ ਕਿਸਾਨਾਂ ਦਾ ਹੜ੍ਹਾਂ ਦੇ ਪਾਣੀ ਨਾਲ ਹੋਏ ਨੁਕਸਾਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਦਾ ਆਪਣੇ ਪੁੱਤਾਂ ਵਾਂਗੂ ਪਾਲੀ ਫਸਲ, ਮਾਲ ਡੰਗਰ ਅਤੇ ਹੋਰ ਵੀ ਬਹੁਤ ਸਾਰਾ ਨੁਕਸਾਨ ਹੋਇਆ ਹੈ ਅਤੇ ਜਿਆਦਾ ਬਾਰਿਸ਼ ਹੋਣ ਕਰਕੇ ਗਰੀਬ ਮਜ਼ਦੂਰਾਂ ਦੇ ਘਰ ਢੇਰੀ ਹੋ ਗਏ ਹਨ | ਜਰਖੇਜ ਜ਼ਮੀਨਾਂ ਜਿੱਥੇ ਕਦੇ ਫਸਲਾਂ ਲਹਿਰਾਉਂਦਿਆਂ ਸਨ ਅੱਜ ਰੇਤ 'ਤੇ ਟਿੱਬਿਆਂ ਵਿਚ ਤਬਦੀਲ ਹੋਈ ਪਈ ਹੈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਹਮੇਸ਼ਾ ਖੜੀ ਰਹੀ ਹੈ ਅਤੇ ਅੱਗੇ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹਰ ਸੰਭਵ ਸਹਾਇਤਾ ਕਿਸਾਨਾਂ ਅਤੇ ਮਜ਼ਦੂਰਾਂ ਦੀ ਕਰੇਗੀ | ਜ਼ਮੀਨਾਂ ਪੱਧਰੀਆਂ ਕਰਨ ਵਿਚ ਡੀਜਲ, ਟਰੈਕਟਰ ਜੋ ਵੀ ਜਰੂਰਤ ਹੋਈ, ਉਹ ਜਥੇਬੰਦੀ ਪਿੱਛੇ ਨਹੀਂ ਹਟੇਗੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਜਲਦੀ ਤੋਂ ਜਲਦੀ ਗਿਰਦਾਵਰੀਆਂ ਕਰਕੇ ਸਮੂਹ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਮੁਆਵਜ਼ਾ ਦੇਣਾ ਚਾਹੀਦਾ ਹੈ | ਇਸ ਮੌਕੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੁਆਵਜ਼ਾ ਦੇਣ ਵਿਚ ਕੋਈ ਆਨਾ-ਕਾਨੀ ਕੀਤੀ ਤਾਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਸਰਕਾਰ ਵਿਰੁੱਧ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਗੀਆਂ | ਕਿਸਾਨ ਆਗੂਆਂ ਨੇ ਕਿਹਾ ਕਿ ਮੁਆਵਜ਼ਾ ਦੇਣ ਸਮੇਂ ਸਰਕਾਰ ਇਸ ਗੱਲ ਦਾ ਖਿਆਲ ਰੱਖੇ ਕਿ ਮੁਆਵਜ਼ਾ ਪੀੜਤ ਕਿਸਾਨ ਹੀ ਲੈਣ ਨਾ ਕਿ ਸਰਕਾਰੇ ਦਰਬਾਰੇ ਪਹੁੰਚ ਵਾਲੇ ਉਹ ਲੋਕ ਜਿਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਸਾਰਾ ਮੁਆਵਜ਼ਾ ਉਹ ਹੀ ਲੈ ਜਾਣ | ਮੀਟਿੰਗ ਵਿਚ ਕੁਲਦੀਪ ਸਿੰਘ ਵੇਈਪੂਈਾ, ਲਖਵਿੰਦਰ ਸਿੰਘ ਸੰਗਤਪੁਰ, ਸੁਲੱਖਣ ਸਿੰਘ ਲੁਹਾਰ, ਗੁਰਦੀਪ ਸਿੰਘ ਭੈਲ, ਨਿਰਮਲ ਸਿੰਘ ਤੁੜ, ਮੁਖਤਾਰ ਸਿੰਘ ਭੋਜੋਵਾਲੀ, ਨਿਰਭੈ ਸਿੰਘ ਖਾਨ, ਹਰਜੀਤ ਸਿੰਘ ਛਾਬੜੀ ਸਾਹਿਬ ਅਤੇ ਬੀਬੀ ਰੰਜੂ ਪੁਰੀ ਖਵਾਸਪੁਰ ਹਾਜ਼ਰ ਹੋਏ |