ਤਰਨ ਤਾਰਨ, 28 ਸਤੰਬਰ (ਹਰਿੰਦਰ ਸਿੰਘ)-ਪਿੰਡ ਘੋਨੇਵਾਲ ਤੇ ਮਾਛੀਵਾਲ ਰਾਵੀ ਦੇ ਕਿਨਾਰੇ ਵੱਸੇ ਹੋਏ ਪਿੰਡ ਹਨ | ਇਥੋਂ 27 ਅਗਸਤ ਨੂੰ ਰਾਵੀ ਦਰਿਆ ਦਾ ਧੁੱਸੀ ਬੰਨ੍ਹ ਟੁੱਟ ਗਿਆ ਸੀ | ਇਥੇ ਧੁੱਸੀ ਬੰਨ੍ਹ ਵਿਚ ਤਿੰਨ ਵੱਡੇ ਪਾੜ ਸਨ, ਜਿੰਨਾਂ ਵਿਚੋਂ 2 ਪਾੜ 21 ਸਤੰਬਰ ਤਕ ਪੂਰੇ ਜਾ ਚੁੱਕੇ ਸਨ | ਤੀਜੇ ਪਾੜ ਨੂੰ ਪੂਰਨ ਲਈ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਪ੍ਰਸਾਸ਼ਨ ਦੇ ਸਹਿਯੋਗ ਨਾਲ 25 ਸਤੰਬਰ ਨੂੰ ਅਰਦਾਸ ਕਰਕੇ ਸੇਵਾ ਆਰੰਭ ਕੀਤੀ ਗਈ | ਸੰਤ ਬਾਬਾ ਸੁੱਖਾ ਸਿੰਘ ਸੰਗਤਾਂ ਸਮੇਤ ਪਹੁੰਚੇ ਅਤੇ ਦੇਰ ਰਾਤ ਤੱਕ ਬੰਨ੍ਹ 'ਤੇ ਸੇਵਾ ਕਰਦੇ ਰਹੇ | ਬਾਬਾ ਸੁੱਖਾ ਸਿੰਘ ਨੂੰ ਖੁਦ ਸੇਵਾ ਕਰਦੇ ਵੇਖ ਨੌਜਵਾਨਾਂ ਨੇ ਬਹੁਤ ਲਗਨ ਤੇ ਉਤਸ਼ਾਹ ਨਾਲ ਸੇਵਾ ਕੀਤੀ | ਵੱਖ-ਵੱਖ ਨਗਰਾਂ ਤੋਂ ਸੰਗਤਾਂ ਸੇਵਾ ਕਰਨ ਪਹੁੰਚੀਆਂ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ |