ਤਰਨ ਤਾਰਨ, 28 ਸਤੰਬਰ (ਪਰਮਜੀਤ ਜੋਸ਼ੀ)-ਸ੍ਰ੍ਰੀ ਗਣੇਸ਼ ਸੇਵਕ ਦਲ ਜੋ ਲੰਮੇ ਸਮੇਂ ਤੋਂ ਸ੍ਰੀ ਠਾਕੁਰ ਦੁਆਰਾ ਮਦਨ ਮੋਹਨ ਮੰਦਰ ਵਿਚ ਸੇਵਾ ਕਰ ਰਿਹਾ ਹੈ, ਵਲੋਂ ਮੰਦਰ ਵਿਚ ਇਕ ਠਾਕੁਰ ਜੀ ਰਸੋਈ ਸ਼ੁਰੂ ਕੀਤੀ ਹੈ, ਤਾਂ ਜੋ ਮੰਦਰ ਵਿਚ ਬਿਰਾਜਮਾਨ ਸਾਰੇ ਠਾਕੁਰ ਜੀ ਨੂੰ ਰੋਜ਼ਾਨਾ ਸਵੇਰ ਅਤੇ ਸ਼ਾਮ ਦੇ ਸਮੇਂ ਭੋਗ ਲਗਵਾਇਆ ਜਾ ਸਕੇ | ਸ੍ਰੀ ਗਣੇਸ਼ ਸੇਵਕ ਦਲ ਦੇ ਪ੍ਰਧਾਨ ਸੰਜੇ ਗੁਪਤਾ ਨੇ ਦੱਸਿਆ ਕਿ ਸ੍ਰੀ ਠਾਕੁਰ ਦੁਆਰਾ ਮਦਨ ਮੋਹਨ ਮੰਦਰ ਵਿਚ ਸ਼ੁਰੂ ਕੀਤੀ ਗਈ ਇਹ ਠਾਕੁਰ ਜੀ ਰਸੋਈ ਵਿਚ ਸਵੇਰ ਅਤੇ ਸ਼ਾਮ ਦੇ ਭੋਗ ਲਈ ਭੋਜਨ ਤਿਆਰ ਹੋਵੇਗਾ, ਜੋ ਮੰਦਰ ਵਿਚ ਬਿਰਾਜਮਾਨ ਸਾਰੇ ਠਾਕੁਰ ਜੀ ਨੂੰ ਸ਼ਰਧਾ ਨਾਲ ਭੋਗ ਲਗਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਨੂੰ ਉਨ੍ਹਾਂ ਦੀ ਸਹੂਲਤ ਅਨੁਸਾਰ ਮਹੀਨੇ ਦੇ ਸਾਰੇ ਦਿਨਾਂ ਦੌਰਾਨ ਸਵੇਰ ਅਤੇ ਸ਼ਾਮ ਦੇ ਭੋਗ ਲਈ ਦਿਨ ਨਿਰਧਾਰਤ ਕੀਤੇ ਗਏ ਹਨ, ਜਿਸ ਅਨੁਸਾਰ ਹਰ ਸਵੇਰ ਅਤੇ ਸ਼ਾਮ ਨੂੰ ਵੱਖ-ਵੱਖ ਸ਼ਰਧਾਲੂ ਆਪਣੀ ਵਾਰੀ 'ਤੇ ਮੰਦਰ ਪਹੁੰਚਦੇ ਹਨ ਅਤੇ ਸ੍ਰੀ ਠਾਕੁਰ ਜੀ ਦੀ ਰਸੋਈ ਤੋਂ ਭੇਗ ਲਈ ਭੋਜਨ ਦੀਆਂ ਪਲੇਟਾਂ ਤਿਆਰ ਕਰਵਾ ਕੇ ਉਨ੍ਹਾਂ ਨੂੰ ਮੰਦਰ ਲੈ ਜਾਂਦੇ ਹਨ ਅਤੇ ਸ਼ਰਧਾ ਨਾਲ ਠਾਕੁਰ ਜੀ ਨੂੰ ਭੋਗ ਲਗਵਾਉਂਦੇ ਹਨ | ਇਸ ਭੋਗ ਲਈ ਨਿਰਧਾਰਤ ਰਾਸ਼ੀ ਭੋਗ ਲਗਵਾਉਣ ਵਾਲੇ ਸ਼ਰਧਾਲੂਆਂ ਤੋਂ ਲਈ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਚੱਲ ਰਹੇ ਨਵਰਾਤਰੇ ਦੌਰਾਨ, ਨਵਰਾਤਰੇ ਦੌਰਾਨ ਖਾਧੇ ਜਾਣ ਵਾਲੇ ਪਕਵਾਨ ਹੀ ਤਿਆਰ ਕੀਤੇ ਜਾ ਰਹੇ ਹਨ ਅਤੇ ਠਾਕੁਰ ਜੀ ਨੂੰ ਭੇਟ ਕੀਤੇ ਜਾ ਰਹੇ ਹਨ | ਇਸ ਦੇ ਨਾਲ ਹੀ, ਸਵੇਰੇ ਅਤੇ ਸ਼ਾਮ ਨੂੰ ਭੋਜਨ ਤੋਂ ਇਲਾਵਾ, ਠਾਕੁਰ ਜੀ ਨੂੰ ਦੁੱਧ ਦਾ ਭੋਗ ਵੀ ਲਗਵਾਇਆ ਜਾਂਦਾ ਹੈ | ਇਸ ਮੌਕੇ ਸ੍ਰੀ ਗਣੇਸ਼ ਸੇਵਕ ਦਲ ਦੇ ਸੀਨੀਅਰ ਉਪ ਪ੍ਰਧਾਨ ਅਜੈ ਗੁਪਤਾ, ਮੁੱਖ ਖਜ਼ਾਨਚੀ ਅਸ਼ਵਨੀ ਮਦਾਨ, ਖਜ਼ਾਨਚੀ ਤਿਲਕ ਗੁਪਤਾ, ਸਕੱਤਰ ਪਵਨ ਆਹੂਜਾ, ਮਨੀਸ਼ ਗੁਪਤਾ, ਮੈਨੇਜਰ ਵਿਜੇ ਕੁਮਾਰ, ਮੰਦਰ ਦੇ ਪੁਜਾਰੀ ਪੰਡਿਤ ਬਨਵਾਰੀ ਲਾਲ ਅਤੇ ਪੰਡਿਤ ਪ੍ਰਕਾਸ਼ ਚੰਦ ਮੌਜੂਦ ਸਨ |