ਤਰਨ ਤਾਰਨ, 19 ਅਕਤੂਬਰ (ਹਰਿੰਦਰ ਸਿੰਘ)-ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ. ਕ੍ਰਿਪਾਲ ਸਿੰਘ ਨੇ ਦੱਸਿਆ ਕਿ ਉਹ ਸਾਥੀ ਕਰਮਚਾਰੀਆਂ ਸਮੇਤ ਗਸ਼ਤ ਦੇ ਸੰਬੰਧ ਵਿਚ ਥਾਣਾ ਗੋਇੰਦਵਾਲ ਸਾਹਿਬ ਤੋਂ ਫਤਿਆਬਾਦ, ਖਵਾਸਪੁਰ ਆਦਿ ਨੂੰ ਜਾ ਰਹੇ ਸੀ | ਜਦ ਜਦ ਉਹ ਟੀ. ਪੁਆਇੰਟ ਪੁੱਜੇ ਤਾਂ ਸਾਹਮਣੇ ਤੋਂ ਇਕ ਮੋਨੇ ਨੌਜਵਾਨ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੀ ਜੀਨ ਦੀ ਪੈਂਟ ਵਿਚੋਂ ਇਕ ਕਾਲੇ ਰੰਗ ਦਾ ਮੋਮੀ ਲਿਫਾਫਾ ਸੜਕ ਕਿਨਾਰੇ ਸੁੱਟ ਦਿੱਤਾ | ਪੁਲਿਸ ਪਾਰਟੀ ਵਲੋਂ ਸ਼ੱਕ ਪੈਣ 'ਤੇ ਜਦ ਉਸ ਨੂੰ ਕਾਬੂ ਕਰਕੇ ਜਦ ਉਸ ਵਲੋਂ ਸੁੱਟੇ ਲਿਫਾਫੇ ਦੀ ਜਾਂਚ ਕੀਤੀ ਤਾਂ ਉਸ ਵਿਚੋਂ 760 ਨਸ਼ੀਲੀਆਂ ਗੋਲੀਆਂ ਰੰਗ ਚਿੱਟਾ ਬਰਾਮਦ ਹੋਈਆਂ | ਫੜੇ ਗਏ ਵਿਅਕਤੀ ਦੀ ਪਛਾਣ ਅਵੀਨਾਸ਼ ਸਿੰਘ ਉਰਫ ਪਿੱਲੀ ਉਰਫ ਪਿੱਲ ਪੁੱਤਰ ਦਿਲਬਾਗ ਸਿੰਘ ਵਾਸੀ ਗਲੀ ਸ਼ਰਾਬੀਆਂ ਵਾਲੀ ਫਤਿਆਬਾਦ ਵਜੋਂ ਹੋਈ ਹੈ | ਪੁਲਿਸ ਵਲੋਂ ਉਕਤ ਵਿਅਕਤੀ ਦੇ ਖ਼ਿਲਾਫ਼ ਥਾਣਾ ਗੋਇੰਦਵਾਲ ਸਾਹਿਬ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |