ਤਰਨ ਤਾਰਨ, 19 ਅਕਤੂਬਰ (ਹਰਿੰਦਰ ਸਿੰਘ)-ਇਕ ਵਿਅਕਤੀ ਨੂੰ ਸੱਟਾਂ ਮਾਰ ਕੇ ਜ਼ਖਮੀ ਕਰਨ 'ਤੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਵਲੋਂ ਚਾਰ ਵਿਅਕਤੀਆਂ ਸਮੇਤ ਚਾਰ ਪੰਜ ਹੋਰ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਸੁਰਿੰਦਰ ਸਿੰਘ ਪੁੱਤਰ ਫਤਿਹ ਸਿੰਘ ਵਾਸੀ ਪਿੰਡ ਖੱਖ ਨੇ ਦੱਸਿਆ ਕਿ ਉਹ ਪਿੰਡ ਖੱਖ ਦਾ ਰਹਿਣ ਵਾਲਾ ਹੈ ਅਤੇ ਸਰਪੰਚੀ ਦੀਆਂ ਵੋਟਾਂ ਵਿਚ ਹਰਦੀਪ ਸਿੰਘ ਮੈਂਬਰ ਵਾਸੀ ਖੱਖ, ਸੰਨੀ ਮਦਾਰੀ ਅਤੇ ਕੁਝ ਅਣਪਛਾਤੇ ਵਿਅਕਤੀ ਰਾਤ 11 ਵਜੇ ਸਾਡੇ ਘਰ ਆਏ ਅਤੇ ਗਾਲੀ-ਗਲੋਚ ਕੀਤਾ | ਉਕਤ ਵਿਅਕਤੀਆਂ ਵਿਚੋਂ ਹਰਦੀਪ ਸਿੰਘ ਮੈਂਬਰ ਨੇ ਮੇਰੇ ਚਪੇੜ ਮਾਰ ਦਿੱਤੀ | ਉਸ ਤੋਂ ਬਾਅਦ ਮਿਤੀ 13 ਸਤੰਬਰ 2025 ਨੂੰ ਸ਼ਾਮ 6 ਵਜੇ ਦੇ ਕਰੀਬ ਮੈਂ ਦੂਖ ਨਿਵਾਰਨ ਹਸਪਤਾਲ ਗੋਇੰਦਵਾਲ ਸਾਹਿਬ ਨਜ਼ਦੀਕ ਪੁੱਜਾ ਤਾਂ ਸੰਨੀ ਮਦਾਰੀ ਜਿਸ ਦੇ ਹੱਥ ਵਿਚ ਦਾਤਰ, ਸ਼ੇਰਾ ਫ਼ਲਾਂ ਵਾਲਾ ਸਮੇਤ ਕਿਰਪਾਨ, ਹਰਦੀਪ ਸਿੰਘ ਮੈਂਬਰ ਸਮੇਤ ਕਿਰਪਾਨ ਅਤੇ 4-5 ਅਣਪਛਾਤੇ ਵਿਅਕਤੀਆਂ ਨੇ ਲਲਕਾਰਾ ਮਾਰ ਕੇ ਕਿਹਾ ਕਿ ਫੜ ਲਉ ਸੁਰਿੰਦਰ ਸਿੰਘ ਨੂੰ, ਜੋ ਦੋ ਵਾਰ ਬਚ ਗਿਆ, ਹੁਣ ਨਹੀਂ ਛੱਡਣਾ, ਜਿਸ 'ਤੇ ਉਕਤ ਵਿਅਕਤੀਆਂ ਨੇ ਮੇਰੇ 'ਤੇ ਮਾਰ ਦੇਣ ਦੀ ਨੀਅਤ ਨਾਲ ਵਾਰ ਕੀਤੇ | ਮੇਰੇ ਵਲੋਂ ਰੌਲਾ ਪਾਉਣ 'ਤੇ ਰਾਹਗੀਰ ਇਕੱਠਾ ਹੋਣ 'ਤੇ ਉਕਤ ਵਿਅਕਤੀ ਹਥਿਆਰਾਂ ਸਮੇਤ ਮੌਕੇ ਤੋਂ ਭੱਜ ਗਏ | ਮੇਰੇ ਭਰਾ ਗੁਰਦੇਵ ਸਿੰਘ ਸਵਾਰੀ ਦਾ ਪ੍ਰਬੰਧ ਕਰਕੇ ਮੈਨੂੰ ਸਰਕਾਰੀ ਹਸਪਤਾਲ ਖਡੂਰ ਸਾਹਿਬ ਦਾਖ਼ਲਾ ਕਰਵਾਇਆ | ਇਸ ਸੰਬੰਧੀ ਏ.ਐਸ.ਆਈ. ਨਿਸ਼ਾਨ ਸਿੰਘ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਅਧਾਰ 'ਤੇ ਕਾਰਵਾਈ ਕਰਦਿਆਂ ਹਰਦੀਪ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਫਤਿਆਬਾਦ, ਸੰਨੀ ਮਦਾਰੀ, ਬਿੱਕਾ ਡੁੱਗਰਾ ਵਾਸੀ ਵੈਰੋਵਾਲ, ਸ਼ੇਰਾ ਫਲਾਂ ਵਾਲਾ ਸਮੇਤ 4-5 ਹੋਰ ਅਣਪਛਾਤਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗਿ੍ਫ਼ਤਾਰੀ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ |