ਤਰਨ ਤਾਰਨ, 31 ਅਕਤੂਬਰ (ਹਰਿੰਦਰ ਸਿੰਘ)-ਤਰਨ ਤਾਰਨ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਉਮੀਦਵਾਰ ਭਾਈ ਮਨਦੀਪ ਸਿੰਘ ਦੀ ਚੋਣ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ, ਉਥੇ ਲੋਕ ਵਾਰਸ ਪੰਜਾਬ ਜਥੇਬੰਦੀ ਨਾਲ ਜੁੜ ਰਹੇ ਹਨ, ਜਿਸ ਤੋਂ ਸਪੱਸ਼ਟ ਹੁੰੰਦਾ ਹੈ ਕਿ ਜ਼ਿਮਨੀ ਚੋਣ ਵਿਚ ਭਾਈ ਮਨਦੀਪ ਸਿੰਘ ਦੀ ਸ਼ਾਨਦਾਰ ਜਿੱਤ ਹੋਵੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸੁੱਚਾ ਸਿੰਘ ਛੋਟੇਪੁਰ, ਜਗਜੀਤ ਸਿੰਘ ਕੋਹਲੀ, ਭੁਪਿੰਦਰ ਸਿੰਘ ਸ਼ੇਖੁਪੁਰ, ਦਲਜੀਤ ਸਿੰਘ ਗਿੱਲ, ਗੁਰਵਿੰਦਰ ਸਿੰਘ ਆਦਿ ਨੇ ਗੱਲਬਾਤ ਦੌਰਾਨ ਕੀਤਾ | ਉਕਤ ਆਗੂਆਂ ਕਿਹਾ ਕਿ ਪੰਜਾਬ ਵਿਚ ਪਹਿਲਾਂ ਜਿੰਨੀਆਂ ਵੀ ਸਰਕਾਰਾਂ ਰਹੀਆਂ ਉਨ੍ਹਾਂ ਨੇ ਸਿਰਫ ਤਾਂ ਸਿਰਫ ਪੰਜਾਬ ਨੂੰ ਲੁੱਟਿਆ ਹੀ ਹੈ ਅਤੇ ਪੰਥਕ ਮੁੱਦਿਆਂ ਉਪਰ ਕੋਈ ਧਿਆਨ ਨਹੀਂ ਦਿੱਤਾ, ਜਿਸ ਕਾਰਨ ਪੰਜਾਬ ਵਿਚ ਆਏ ਦਿਨ ਬੇਅਦਬੀਆਂ ਹੋਈਆਂ ਪਰ ਬੇਅਦਬੀਆਂ ਨੂੰ ਰੋਕਣ ਲਈ ਕੋਈ ਸਖਤ ਕਾਨੂੰਨ ਕੋਈ ਸਰਕਾਰ ਨਹੀਂ ਲੈ ਕੇ ਆਈ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਸ ਸਮੇਂ ਰੁਜਗਾਰ ਦੀ ਵੱਡੀ ਘਾਟ ਹੈ, ਨੌਜਵਾਨ ਨਸ਼ਿਆਂ ਦੀ ਗਿ੍ਫਤ ਵਿਚ ਹਨ, ਭਿ੍ਸ਼ਟਾਚਾਰ ਸਿਖ਼ਰਾਂ 'ਤੇ ਹੈ, ਜਿਸ ਕਾਰਨ ਪੰਜਾਬ ਦੇ ਲੋਕ ਦੁਖੀ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਕਤ ਮੁੱਦਿਆਂ ਦੇ ਹੱਲ ਲਈ ਭਾਈ ਮਨਦੀਪ ਸਿੰਘ ਦੇ ਹੱਕ ਵਿਚ ਵੋਟਾਂ ਪਾ ਕੇ ਉਨ੍ਹਾਂ ਨੂੰ ਇਸ ਹਲਕੇ ਤੋਂ ਜੇਤੂ ਬਣਾਉਣ ਤਾਂ ਜੋ ਉਹ ਵਿਧਾਨ ਸਭਾ ਵਿਚ ਜਾ ਕੇ ਲੋਕਾਂ ਦੇ ਮੁੱਦਿਆਂ ਨੂੰ ਉਠਾ ਸਕਣ |