ਤਰਨ ਤਾਰਨ, 2 ਨਵੰਬਰ (ਹਰਿੰਦਰ ਸਿੰਘ)- ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪਿੰਡ ਰਟੌਲ ਵਿਖੇ ਪਹੁੰਚ ਕੇ ਕਾਂਗਰਸੀ ਉਮੀਦਵਾਰ ਕਰਨਬੀਰ ਬੁਰਜ ਦੇ ਹੱਕ ਵਿਚ ਵੋਟਾਂ ਮੰਗੀਆਂ | ਬਾਜਵਾ ਦੀ ਰਟੌਲ ਫੇਰੀ ਇਕ ਡੂੰਘੀ ਭਾਵਨਾਤਮਕ ਸਾਂਝ ਸੀ | ਇਸ ਮੌਕੇ ਉਨ੍ਹਾਂ ਨੇ ਪਿੰਡ ਦੇ ਸਾਬਕਾ ਸਰਪੰਚ ਸਵਰਗੀ ਜਰਨੈਲ ਸਿੰਘ ਦੇ ਪਰਿਵਾਰ ਨਾਲ ਕੀਤਾ ਵਾਅਦਾ ਪੂਰਾ ਕੀਤਾ, ਜਿਸ ਦੀ ਚਾਰ ਮਹੀਨੇ ਪਹਿਲਾਂ ਦਿਨ-ਦਿਹਾੜੇ ਗੈਂਗਸਟਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ | ਬਾਜਵਾ ਨੇ ਦੁਖੀ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਮੁੱਖ ਦੋਸ਼ੀ ਨੂੰ ਗਿ੍ਫ਼ਤਾਰ ਕੀਤੇ ਜਾਣ ਤੱਕ ਪਿੰਡ ਵਾਪਸ ਨਹੀਂ ਆਉਣਗੇ | ਆਪਣੀ ਗੱਲ 'ਤੇ ਖਰੇ ਉਤਰਦੇ ਹੋਏ ਬਾਜਵਾ ਨੇ ਲਗਾਤਾਰ ਮਾਮਲੇ ਦੀ ਪੈਰ੍ਹਵੀ ਕੀਤੀ, ਇਸ ਨੂੰ ਅਧਿਕਾਰੀਆਂ ਕੋਲ ਕਈ ਵਾਰ ਉਠਾਇਆ ਅਤੇ ਪੀੜਤ ਪਰਿਵਾਰ ਲਈ ਇਨਸਾਫ਼ ਦੀ ਮੰਗ ਕੀਤੀ | ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਤਿੰਨ ਦਿਨ ਪਹਿਲਾਂ ਮੁੱਖ ਦੋਸ਼ੀ ਨੂੰ ਗਿ੍ਫ਼ਤਾਰ ਕਰਨ 'ਤੇ ਫਲ ਮਿਲਿਆ, ਜਿਸ ਨਾਲ ਅੱਜ ਬਾਜਵਾ ਦੇ ਪਿੰਡ ਆਉਣ ਦਾ ਰਾਹ ਪੱਧਰਾ ਹੋਇਆ | ਲੋਕਾਂ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਕਿਹਾ ਕਿ 'ਆਪ' ਸਰਕਾਰ ਦੇ ਅਧੀਨ ਪੰਜਾਬ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਢਹਿ-ਢੇਰੀ ਹੋ ਗਈ ਹੈ, ਕਿਉਂਕਿ ਸੂਬਾ ਅਪਰਾਧ, ਗੈਂਗਸਟਰਵਾਦ ਅਤੇ ਪ੍ਰਸ਼ਾਸਨਿਕ ਉਦਾਸੀਨਤਾ ਦੇ ਵਾਧੇ ਨਾਲ ਜੂਝ ਰਿਹਾ ਹੈ | ਉਨ੍ਹਾਂ ਤਰਨ ਤਾਰਨ ਦੇ ਲੋਕਾਂ ਨੂੰ ਕਾਂਗਰਸੀ ਉਮੀਦਵਾਰ ਕਰਨਬੀਰ ਬੁਰਜ ਦਾ ਸਮਰਥਨ ਕਰਨ ਦੀ ਅਪੀਲ ਕੀਤੀ |