ਤਰਨ ਤਾਰਨ, 3 ਨਵੰਬਰ (ਹਰਿੰਦਰ ਸਿੰਘ)- ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਦੇ ਆਗੂਆਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਹਰਮਨਦੀਪ ਸਿੰਘ, ਨਿਰਮਲ ਸਿੰਘ ਸਰਹਾਲੀ, ਸੁਖਵਿੰਦਰ ਸਿੰਘ ਤਰਨ ਤਾਰਨ, ਸਤਵਿੰਦਰ ਸਿੰਘ ਪਲਾਸੌਰ, ਸਤਵੰਤ ਸਿੰਘ ਮਾਣਕ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਾਰੇ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਮੰਨੂਵਾਦੀ ਧਿਰਾਂ ਵਲੋਂ ਸਿੱਖੀ ਉੱਪਰ ਇਕ ਹੋਰ ਹਮਲਾ ਕਰਾਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਦਿੱਲੀ ਨਾਗਪੁਰ ਦਾ ਇਹ ਹਮਲਾ ਸ੍ਰੀ ਦਰਬਾਰ ਸਾਹਿਬ ਉੱਪਰ ਫੌਜੀ ਚੜ੍ਹਾਈ, ਪੰਜਾਬ ਅੰਦਰ 25 ਹਜ਼ਾਰ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲੇ, ਨਵੰਬਰ-84 ਕਤਲੇਆਮ, ਨਸ਼ਿਆਂ, ਬੇਅਦਬੀਆਂ, ਸਿੱਖਾਂ ਦੀਆਂ ਗੈਰ-ਸੰਵਿਧਾਨਿਕ ਗੈਰ ਕਾਨੂੰਨੀ ਬੰਦੀਆਂ ਦੀ ਲੜੀ ਵਿਚ ਹੈ | ਉਨ੍ਹਾਂ ਕਿਹਾ ਕਿ ਮੰਨੂਵਾਦੀ ਧਿਰਾਂ ਪੰਜਾਬ ਦੀ ਹੋਂਦ ਖਤਮ ਕਰਕੇ ਮੰਨੂਵਾਦ ਦਾ ਝੰਡਾ ਲਹਿਰਾਉਣ ਲਈ ਪਹਾੜੀ ਰਾਜਿਆਂ ਵਾਲਾ ਰਾਹ ਫੜ੍ਹ ਰਹੀਆਂ ਹਨ | ਜਥੇਬੰਦੀਆਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੰਨੂਵਾਦੀ ਧਿਰਾਂ ਦੇ ਸਮਾਜਿਕ ਬਾਈਕਾਟ ਦਾ ਐਲਾਨ ਕਰਕੇ ਇਨ੍ਹਾਂ ਦੇ ਗੁਰਧਾਮਾਂ ਵਿਚ ਸਨਮਾਨ 'ਤੇ ਪਾਬੰਦੀ ਲੱਗਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਵੇਖਣ ਨੂੰ ਭਾਵੇਂ ਕਾਂਗਰਸ, ਭਾਜਪਾ, ਕੇਜਰੀਵਾਲ, ਬਾਦਲ ਪੰਜਾਬ ਦੇ ਹੱਕ ਵਿਚ ਮਗਰਮੱਛ ਦੇ ਅੱਥਰੂ ਵਹਾਉਣ, ਪਰ ਅੰਦਰੋਂ ਸਾਰੇ ਇਹ ਰਲੇ ਹੋਏ ਹਨ | ਉਨ੍ਹਾਂ ਆਖਰ ਵਿਚ ਸੱਥ ਅਤੇ ਹੋਰ ਵਿਦਿਆਰਥੀ ਜਥੇਬੰਦੀਆਂ ਵਲੋਂ ਪੀ.ਯੂ. ਵਿਚ ਲਗਾਏ ਧਰਨੇ ਦੀ ਹਮਾਇਤ ਕੀਤੀ ਅਤੇ ਕਿਹਾ ਕਿ ਕੇਂਦਰ ਸਰਕਾਰ ਸ਼ੁਭ ਅਮਲਾਂ ਦਾ ਰਾਹ ਅਪਣਾਵੇ ਨੋਟੀਫਿਕੇਸ਼ਨ ਤੁਰੰਤ ਵਾਪਸ ਲਵੇ |