ਹਰੀਕੇ ਪੱਤਣ, 17 ਦਸੰਬਰ (ਸੰਜੀਵ ਕੁੰਦਰਾ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਲੁਧਿਆਣਾ ਦੇ ਖ਼ੇਤਰੀ ਖੋਜ ਅਤੇ ਟਰੇਨਿੰਗ ਸੈਂਟਰ ਬੂਹ ਵਿਖੇ ਕਰਵਾਏ ਜਾ ਰਹੇ ਨੀਲੀ ਰਾਵੀ ਮੱਝਾਂ ਦੇ ਦੁੱਧ ਚੁਆਈ ਮੁਕਾਬਲਿਆਂ 'ਚ ਭਾਗ ਲੈ ਰਹੇ 6 ਕਿਸਾਨਾਂ ਨੇ ਡਾਕਟਰਾਂ 'ਤੇ ਦੋਸ਼ ਲਾਉਂਦਿਆਂ ਆਪਣੇ ਪਸ਼ੂ ਮੁਕਾਬਲੇ 'ਚ ਬਾਹਰ ਕੱਢ ਲਏ | ਇਸ ਮੌਕੇ ਕਿਸਾਨ ਪਰਵਿੰਦਰ ਸਿੰਘ ਵਾਸੀ ਬੂਹ ਹਵੇਲੀਆਂ, ਅਨੂਪ ਸਿੰਘ ਵਾਸੀ ਲੱਖੋਕੇ ਬਹਿਰਾਮ, ਗੁਰਲਾਲ ਸਿੰਘ ਬੂਹ ਹਵੇਲੀਆਂ ਅਤੇ ਜਗਦੀਪ ਸਿੰਘ ਨੇ ਕਿਹਾ ਕਿ ਖ਼ੇਤਰੀ ਖੋਜ ਕੇਂਦਰ ਬੂਹ ਵਲੋਂ ਨੀਲੀ ਰਾਵੀ ਮੱਝਾਂ ਦੇ ਦੁੱਧ ਚੁਆਈ ਮੁਕਾਬਲਿਆਂ 'ਚ ਅਸੀਂ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨਾਲ ਭਾਗ ਲੈ ਰਹੇ ਸੀ | ਮੁਕਾਬਲਿਆਂ 'ਚ ਭਾਗ ਲੈ ਰਹੇ ਪਸ਼ੂਆਂ ਨੂੰ ਰਜਿਸਟਰਡ ਕਰਨ ਦੀ ਮਿਤੀ 13 ਦਸੰਬਰ ਸੀ ਅਤੇ ਸਾਡੇ ਪਸ਼ੂ ਵੀ 13 ਦਸੰਬਰ ਨੂੰ ਹੀ ਰਜਿਸਟਰ ਹੋਏ | ਇਸ ਦੌਰਾਨ ਕੁਝ ਕਿਸਾਨਾਂ ਨੇ ਬਾਊਾਡਰੀ ਕਵਰ ਕਰਨ ਤੋਂ ਇਲਾਵਾ ਨਿਯਮਾਂ ਦੇ ਉਲਟ ਅੰਦਰ ਵੀ ਪਰਦੇ ਲਾਏ ਗਏ ਅਤੇ ਇਨ੍ਹਾਂ ਕਿਸਾਨਾਂ ਨੇ ਅੰਦਰ ਲੱਗੇ ਕੈਮਰਿਆਂ ਨਾਲ ਵੀ ਛੇੜਛਾੜ ਕੀਤੀ | ਕਿਸਾਨਾਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਇਨ੍ਹਾਂ ਕਿਸਾਨਾਂ ਵਲੋਂ ਪਸ਼ੂਆਂ ਨੂੰ ਡੋਜ ਦਿੱਤੀ ਜਾ ਰਹੀ ਹੈ, ਪਸ਼ੂਆਂ ਨੂੰ ਟੀਕੇ ਵਗੈਰਾ ਲਾ ਕੇ ਪਸ਼ੂਆਂ ਦਾ ਦੁੱਧ ਵਧਾਇਆ ਜਾ ਰਿਹਾ ਹੈ | ਜਿਸ ਸੰਬੰਧੀ ਅਸੀਂ ਡਾਕਟਰਾਂ ਨੂੰ ਜਾਣੂ ਕਰਵਾਇਆ | ਕਿਸਾਨਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਅਸੀਂ ਹੋਰ ਥਾਵਾਂ 'ਤੇ ਵੀ ਮੁਕਾਬਲਿਆਂ ਵਿਚ ਪਸ਼ੂ ਲੈ ਕੇ ਜਾਂਦੇ ਹਾਂ ਪਰ ਇੱਥੇ ਨਿਯਮ ਬਹੁਤ ਗ਼ਲਤ ਹਨ | ਉਨ੍ਹਾਂ ਕਿਹਾ ਕਿ ਇੱਥੇ ਮੌਜੂਦ ਅਧਿਕਾਰੀਆਂ ਵਲੋਂ ਸਾਡੀ ਕੋਈ ਗੱਲ ਨਹੀਂ ਸੁਣੀ ਜਿਸ 'ਤੇ ਅਸੀਂ ਆਪਣੇ ਪਸ਼ੂ ਮੁਕਾਬਲੇ ਵਿੱਚੋਂ ਬਾਹਰ ਕੱਢ ਕੇ ਵਾਪਸ ਜਾ ਰਹੇ ਹਾਂ |